ਰਾਕੇਸ਼ ਸੈਣੀ
ਨੰਗਲ, 6 ਮਾਰਚ
ਯੂਕਰੇਨ ਦੇ ਸ਼ਹਿਰ ਖਾਰਕੀਵ ਤੋਂ ਨਵਾਂ ਨੰਗਲ ਦੀ ਪੀਐੱਨਐੱਫਸੀ ਕਲੋਨੀ ਪਹੁੰਚੇ ਆਦਿੱਤਿਆ ਭਾਰਦਵਾਜ ਦਾ ਮਾਪਿਆਂ ਅਤੇ ਕਲੋਨੀ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਆਦਿੱਤਿਆ ਨੇ ਦੱਸਿਆ ਕਿ ਉਹ ਯੂਕਰੇਨ ਦੇ ਸ਼ਹਿਰ ਖਾਰਕੀਵ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ ਅਤੇ ਉਸ ਦਾ ਚੌਥਾ ਸਮੈਸਟਰ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਖਾਰਕੀਵ ’ਤੇ ਰੂਸ ਵੱਲੋਂ ਕੀਤੇ ਗਏ ਹਮਲਿਆਂ ਕਾਰਨ ਲਗਪਗ ਸਾਰਾ ਇਲਾਕਾ ਤਬਾਹ ਹੋ ਚੁੱਕਿਆ ਹੈ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਬੰਕਰਾਂ ਵਿਚ ਲੁਕਣਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰੂਸੀ ਫੌਜ ਵੱਲੋਂ ਉਨ੍ਹਾਂ ਨੂੰ ਉੱਥੋਂ ਨਿਕਲਣ ਲਈ ਚਾਰ ਘੰਟਿਆਂ ਲਈ ਸੁਰੱਖਿਅਤ ਲਾਂਘਾ ਦਿੱਤਾ ਗਿਆ। ਇਸ ਦੌਰਾਨ ਉਹ ਤੇ ਹੋਰ ਵਿਦਿਆਰਥੀ ਭਾਰਤੀ ਦੂਤਾਵਾਸ ਦੇ ਯਤਨਾਂ ਸਦਕਾ ਰੋਮਾਨੀਆ ਬਾਰਡਰ ’ਤੇ ਪਹੁੰਚੇ, ਜਿੱਥੇ ਕਰੀਬ ਦੋ ਦਿਨ ਉਨ੍ਹਾਂ ਨੂੰ ਕਤਾਰ ਵਿਚ ਲੱਗਣਾ ਪਿਆ। ਆਦਿੱਤਿਆ ਨੇ ਕਿਹਾ ਕਿ ਰੋਮਾਨੀਆ ਪਹੁੰਚਣ ’ਤੇ ਭਾਰਤ ਦੇ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਸਾਰੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਆਦਿੱਤਿਆ ਨੇ ਦੱਸਿਆ ਕਿ ਹੱਥਾਂ ਵਿਚ ਫੜੇ ਤਿਰੰਗੇ ਝੰਡਿਆਂ ਨੇ ਉਨ੍ਹਾਂ ਦੀ ਬਹੁਤ ਰੱਖਿਆ ਕੀਤੀ। ਇਸ ਮੌਕੇ ਆਦਿੱਤਿਆ ਭਾਰਦਵਾਜ ਅਤੇ ਉਸ ਦੇ ਪਿਤਾ ਸ਼ਾਮ ਸੁੰਦਰ, ਮਾਤਾ ਇੰਦੂ ਅਤੇ ਕੌਂਸਲਰ ਅਸ਼ੋਕ ਪੁਰੀ ਨੇ ਸਰਕਾਰ ਦਾ ਧੰਨਵਾਦੀ ਕੀਤਾ। ਆਦਿੱਤਿਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ ਵਧਾਈਆਂ ਜਾਣ ਅਤੇ ਮੈਡੀਕਲ ਕਾਲਜਾਂ ਦੀਆਂ ਫੀਸਾਂ ’ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਲਈ ਵਿਦੇਸ਼ਾਂ ਵਿਚ ਨਾ ਜਾਣਾ ਪਏ।