ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਫਰਵਰੀ
ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ’ਚ ਨਿਰੰਤਰ ਉਛਾਲ ਨੇ ਸਥਾਨਕ ਮਾਰਕੀਟ ਵਿੱਚ ਸੋਨੇ ’ਤੇ ਨਿਵੇਸ਼ ਕਰਨ ਵਾਲੇ ਵਪਾਰੀਆਂ ਦਾ ਧਿਆਨ ਇਸ ਪਾਸੇ ਖਿੱਚਿਆ ਹੈ। ਇਸ ਵੇਲੇ 24 ਕੈਰੇਟ ਸੋਨੇ ਦੀ ਕੀਮਤ 50 ਹਜ਼ਾਰ ਪ੍ਰਤੀ ਦਸ ਗਰਾਮ ਨੂੰ ਪਾਰ ਕਰ ਗਿਆ ਹੈ। ਸੁਨਿਆਰ ਪੰਕਜ ਖੁਰਾਣਾ ਨੇ ਆਖਿਆ ਕਿ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਨੇ ਸੋਨੇ ਦੇ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ। ਮੌਜੂਦਾ ਪ੍ਰਸਥਿਤੀਆਂ ਕਾਰਨ ਆਏ ਉਛਾਲ ਦੇ ਕਾਰਨ ਸਟਾਕ ਮਾਰਕੀਟ ਅਤੇ ਰੀਅਲ ਅਸਟੇਟ ਨਾਲ ਜੁੜੇ ਲੋਕ ਵੀ ਸੋਨੇ ਦੇ ਨਿਵੇਸ਼ ਵੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ ਵਿਆਜ ਦਰਾਂ ਘੱਟ ਹੋੋਣ ਕਾਰਨ ਲੋਕਾਂ ਦਾ ਰੁਝਾਨ ਬੈਂਕ ਵਿਚ ਰਕਮ ਰੱਖਣ ਦੀ ਥਾਂ ਹੁਣ ਸੋਨੇ ਦੇ ਨਿਵੇਸ਼ ਵੱਲ ਵਧ ਰਿਹਾ ਹੈ। ਵਪਾਰੀਆਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇਕਰ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਵਧਦਾ ਹੈ ਤਾਂ ਇਸ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਉਛਾਲ ਆਵੇਗਾ।