ਮਨੋਜ ਸ਼ਰਮਾ
ਬਠਿੰਡਾ, 30 ਅਗਸਤ
ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ’ਚ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਗਈ ਪਾਵਰਕੌਮ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਬੰਦੀ ਬਣਾ ਕੇ ਕੀੜਿਆਂ ਦੇ ਭੌਣ ’ਤੇ ਬਿਠਾ ਦਿੱਤਾ। ਇਸ ਸਬੰਧੀ ਐੱਸਡੀਓ ਦਿਹਾਤੀ ਰਾਮਪੁਰਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਐੱਸਡੀਓ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੇ ਦਿਨੀਂ ਪਾਵਰਕੌਮ ਦੀ ਟੀਮ ਪਿੰਡ ਬੱਲ੍ਹੋ ’ਚ ਬਿਜਲੀ ਚੋਰੀ ਸਬੰਧੀ ਕਾਰਵਾਈ ਕਰਨ ਗਈ ਤਾਂ ਪਿੰਡ ਦੇ ਕੁਝ ਲੋਕਾਂ ਨੇ ਪੜਤਾਲੀਆ ਟੀਮ ਨੂੰ ਬੰਦੀ ਬਣਾ ਲਿਆ ਅਤੇ ਮੁਲਾਜ਼ਮਾਂ ਨੂੰ ਕੀੜਿਆਂ ਦੇ ਭੌਣ ’ਤੇ ਬੈਠਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਜਾਂਚ ਟੀਮ ਨਾਲ ਗਾਲੀ ਗਲੋਚ ਕੀਤਾ। ਉਨ੍ਹਾਂ ਦੱਸਿਆ ਕਿ ਕੁਝ ਮੁਲਾਜ਼ਮਾਂ ਦੇ ਕੀੜੇ ਲੜ ਗਏ, ਫਿਰ ਵੀ ਲੋਕਾਂ ਨੇ ਉਨ੍ਹਾਂ ਨੂੰ ਕਈ ਘੰਟੇ ਬੰਦੀ ਬਣਾਈ ਰੱਖਿਆ।
ਇਸ ਮਗਰੋਂ ਪੁਲੀਸ ਨੇ ਆ ਕੇ ਪਾਵਰਕੌਮ ਦੀ ਟੀਮ ਨੂੰ ਛੁਡਵਾਇਆ। ਥਾਣਾ ਸਦਰ ਰਾਮਪੁਰਾ ਦੇ ਮੁੱਖ ਥਾਣਾ ਅਫ਼ਸਰ ਸਬ-ਇੰਸਪੈਕਟਰ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਬੂਟਾ ਸਿੰਘ ਪੁੱਤਰ ਦਾਸ ਸਿੰਘ, ਰੇਸ਼ਮ ਸਿੰਘ ਪੁੱਤਰ ਚੂਹੜ ਸਿੰਘ, ਮਿੱਠੂ ਸਿੰਘ ਪੁੱਤਰ ਚੰਦ ਸਿੰਘ ਅਤੇ ਸੁੱਖਾ ਸਿੰਘ ਪੁਤਰ ਮਿੱਠੂ ਸਿੰਘ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੂੰ ਧਾਰਾ 341, 342, 353, 186 ਤਹਿਤ ਨਾਮਜ਼ਦ ਕੀਤਾ ਹੈ। ਹਾਲੇ ਤੱਕ ਇਸ ਮਾਮਲੇ ’ਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐੱਸਡੀਓ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।