ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਜੁਲਾਈ
ਪੰਜਾਬ ਦੇ ਸਿਹਤ ਵਿਭਾਗ ਨੇ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਆਯੂਸ਼ਮਾਨ-ਭਾਰਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਸਮੇਂ ਢਾਈ ਸਾਲ ਪਹਿਲਾਂ ਠੇਕਾ ਪ੍ਰਣਾਲੀ ਅਧੀਨ ਕੱਚੇ ਮੁਲਾਜ਼ਮ ਭਰਤੀ ਕੀਤੇ ਸਨ ਜਿਨ੍ਹਾਂ ’ਤੇ ਹੁਣ ਛਾਂਟੀ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਕੱਚੇ ਕਰਮਚਾਰੀਆਂ ਦੀ 30 ਜੂਨ ਨੂੰ ਮਿਆਦ ਖ਼ਤਮ ਹੋ ਗਈ ਸੀ ਅਤੇ ਹੈਲਥ ਮਿਸ਼ਨ ਪੰਜਾਬ ਨੇ ਇਨ੍ਹਾਂ ਕੱਚੇ ਸਿਹਤ ਕਾਮਿਆਂ ਦੇ ਠੇਕੇ ਦੀ ਮਿਆਦ ਸਿਰਫ਼ 31 ਜੁਲਾਈ ਤੱਕ ਵਧਾਈ ਹੈ ਜਦੋਂਕਿ ਇਹ ਮਿਆਦ ਪਹਿਲਾਂ ਇੱਕ ਸਾਲ ਲਈ ਵਧਾਈ ਜਾਂਦੀ ਸੀ। ਇਸ ਤਰ੍ਹਾਂ ਕੱਚੇ ਕਾਮਿਆਂ ਦੀ ਨੌਕਰੀ ਖ਼ਤਰੇ ਵਿੱਚ ਪੈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਯੋਜਨਾ ਬੰਦ ਕਰਨ ਜਾ ਰਹੀ ਹੈ। ਇਹੀ ਨਹੀਂ ਬੀਮਾ ਕੰਪਨੀ ਨੇ ਵੀ ਕਥਿਤ ਘਾਟਾ ਪੈਣ ਕਾਰਨ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਸ ਸਬੰਧੀ ਚਾਰ ਮਹੀਨੇ ਪਹਿਲਾਂ ਕੰਪਨੀ ਸਰਕਾਰ ਕੋਲ ਆਪਣਾ ਪੱਖ ਰੱਖ ਚੁੱਕੀ ਹੈ। ਪੀੜਤ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਸੇਵਾ ਭਾਵਨਾ ਨਾਲ ਸਿਹਤ ਬੀਮਾ ਯੋਜਨਾ ਤਹਿਤ ਕੰਮ ਕਰ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਨੌਕਰੀ ਖੁੱਸਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਤਸੱਲੀਬਖਸ਼ ਕੰਮ ਕਰਨ ਵਾਲੇ ਮੁਲਾਜ਼ਮ ਹੀ ਰੱਖੇ ਜਾਣਗੇ: ਅਧਿਕਾਰੀ
ਪੰਜਾਬ ਹੈਲਥ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ-ਕਮ-ਸੀਈਓ ਨੀਲਿਮਾ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਹੈ। ਜੇਕਰ ਬੀਮਾ ਕੰਪਨੀ ਸਮਝੌਤੇ ਮੁਤਾਬਕ ਕੰਮ ਨਹੀਂ ਕਰੇਗੀ ਤਾਂ ਸਰਕਾਰ ਇਸ ਯੋਜਨਾ ਨੂੰ ਚਲਾਏਗੀ। ਉਨ੍ਹਾਂ ਦੱਸਿਆ ਕਿ ਹੁਣ ਸਿਰਫ਼ ਲੋੜ ਅਨੁਸਾਰ ਹੀ ਇਨ੍ਹਾਂ ’ਚੋਂ ਉਹ ਕਰਮਚਾਰੀ ਰੱਖੇ ਜਾਣਗੇ, ਜਿਨ੍ਹਾਂ ਦਾ ਕੰਮ ਤਸੱਲੀਬਖ਼ਸ਼ ਹੋਵੇਗਾ।