ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਸਤੰਬਰ
ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਮਿੱਡ-ਡੇਅ ਮੀਲ ਨੂੰ ਤਿਆਰ ਕਰਨ ਦਾ ਖਰਚਾ ਸਰਕਾਰ ਵੱਲੋਂ ਨਾ ਦਿੱਤੇ ਜਾਣ ਕਾਰਨ ਮਜਬੂਰੀ ਵੱਸ ਇਹ ਸਕੀਮ ਬੰਦ ਹੋ ਸਕਦੀ ਹੈ। ਫ਼ਿਲਹਾਲ ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕੇ ਜਾਂ ਫਿਰ ਉਧਾਰ ਲੈ ਕੇ ਮਿੱਡ-ਡੇਅ ਮੀਲ ਚਲਾ ਰਹੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ‘ਆਪ’ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਤਹਿਤ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਨਹੀਂ ਕੀਤੀ ਗਈ ਤੇ ਹੁਣ ਤੀਜੇ ਮਹੀਨੇ ਦਾ ਵੀ ਅੱਧ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕੇ ਜਾਂ ਫਿਰ ਉਧਾਰ ਲੈ ਕੇ ਮਿੱਡ-ਡੇਅ ਮੀਲ ਚਲਾ ਰਹੇ ਹਨ। ਇਸੇ ਤਰ੍ਹਾਂ ਮਿੱਡ-ਡੇਅ ਮੀਲ ਤਿਆਰ ਕਰਨ ਵਾਲੇ ਹਜ਼ਾਰਾਂ ਵਰਕਰਾਂ ਨੂੰ ਵੀ ਦੋ ਮਹੀਨਿਆਂ ਤੋਂ ਮਿਹਨਤਾਨਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਸਕੂਲਾਂ ਨੂੰ ਸਰਕਾਰ ਵੱਲੋਂ ਗ੍ਰਾਂਟ ਜਾਰੀ ਨਾ ਕੀਤੀ ਗਈ ਤਾਂ ਅਧਿਆਪਕ ਮਿੱਡ-ਡੇਅ ਮੀਲ ਬੰਦ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨਾਂ ਮੰਗ ਕੀਤੀ ਕਿ ਮਿੱਡ-ਡੇਅ ਮੀਲ ਯੋਜਨਾ ਜਾਰੀ ਰੱਖਣ ਲਈ ਪੰਜਾਬ ਸਰਕਾਰ ਤੁਰੰਤ ਗਾਂਟ ਜਾਰੀ ਕਰੇ।
ਇਸ ਦੌਰਾਨ ਜ਼ਿਲ੍ਹੇ ਵਿੱਚ ਮਿੱਡ-ਡੇਅ ਮੀਲ ਦਾ ਕੰਮ ਸੰਭਾਲਣ ਵਾਲੇ ਕਰਮਚਾਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਗ੍ਰਾਂਟ ਦੇ ਭੁਗਤਾਨ ਲਈ ਨਵਾਂ ਢੰਗ ਅਪਣਾਇਆ ਗਿਆ ਹੈ, ਜਿਸ ਕਾਰਨ ਗ੍ਰਾਂਟ ਆਉਣ ਵਿੱਚ ਦੇਰ ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਗ੍ਰਾਂਟ ਪੁੱਜ ਜਾਵੇਗੀ।
42 ਹਜ਼ਾਰ ਮਿੱਡ-ਡੇਅ ਮੀਲ ਵਰਕਰ ਤਨਖ਼ਾਹਾਂ ਤੋਂ ਵਾਂਝੇ
ਮਿੱਡ-ਡੇਅ ਮੀਲ ਵਰਕਰ ਯੂਨੀਅਨ ਦੀ ਸੁਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਲਗਪਗ 42 ਹਜ਼ਾਰ ਮਿੱਡ-ਡੇਅ ਮੀਲ ਵਰਕਰ ਤਨਖਾਹਾਂ ਤੋ ਵਾਂਝੇ ਹਨ ਅਤੇ ਤਨਖਾਹ ਪ੍ਰਾਪਤੀ ਲਈ ਰੋਸ ਵਿਖਾਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਵਰਕਰਾਂ ਲਈ ਘਰ ਦਾ ਖਰਚਾ ਤੋਰਨਾ ਔਖਾ ਹੋ ਗਿਆ ਹੈ।