ਗਗਨਦੀਪ ਅਰੋੜਾ
ਲੁਧਿਆਣਾ, 6 ਜੂਨ
ਇੱਥੇ ਟਿੱਬਾ ਰੋਡ ਖੇਤਰ ’ਚ ਇੱਕ ਵਿਅਕਤੀ ਨੇ ਆਪਣੇ ਜਵਾਨ ਪੁੱਤਰ ਨੂੰ ਪਹਿਲਾਂ ਕੁੱਟਮਾਰ ਕਰਕੇ ਬੇਹੋਸ਼ ਕਰ ਦਿੱਤਾ ਤੇ ਮਗਰੋਂ ਉਸ ਨੂੰ ਮਰਿਆ ਸਮਝ ਕੇ ਉਸ ਉਪਰ ਸੀਮਿੰਟ ਦੀਆਂ ਬੋਰੀਆਂ ਪਾ ਕੇ ਸਾੜ ਦਿੱਤਾ। ਜਾਣਕਾਰੀ ਅਨੁਸਾਰ ਰਾਤ ਸਮੇਂ ਪਿਉ-ਪੁੱਤਰ ਵਿਚਾਲੇ ਜੂਠੇ ਭਾਂਡੇ ਮਾਂਜਣ ਸਬੰਧੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਇਹ ਘਟਨਾ ਵਪਾਰੀ। ਲੋਕਾਂ ਨੇ ਅੱਗ ਦੇਖ ਕੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਛੱਤ ’ਤੇ ਕੂੜੇ ਨੂੰ ਅੱਗ ਲਾਈ ਹੈ। ਸ਼ੱਕ ਹੋਣ ’ਤੇ ਉਨ੍ਹਾਂ ਇਸ ਦੀ ਜਾਣਕਾਰੀ ਥਾਣਾ ਟਿੱਬਾ ਪੁਲੀਸ ਨੂੰ ਦਿੱਤੀ। ਪੁਲੀਸ ਪੁੱਜਣ ਮਗਰੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਕੂੜੇ ਨੂੰ ਨਹੀਂ ਬਲਕਿ ਆਪਣੇ 22 ਸਾਲਾ ਜਵਾਨ ਪੁੱਤ ਨੂੰ ਜ਼ਿੰਦਾ ਸਾੜ ਦਿੱਤਾ। ਪੁਲੀਸ ਨੇ ਅੱਧ-ਸੜੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਸੁਧੀਰ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ’ਚ ਰਾਮੇਸ਼ਵਰ ਪਾਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਲੈ ਲਿਆ ਹੈ ਤੇ ਪੜਤਾਲ ਕੀਤੀ ਜਾ ਰਹੀ ਹੈ।
ਥਾਣਾ ਟਿੱਬਾ ਦੇ ਮੁਖੀ ਸੁਖਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਆਪਣੇ ਲੜਕੇ ਸੁਧੀਰ ਨਾਲ ਇੱਥੇ ਰਹਿੰਦਾ ਸੀ ਤੇ ਉਸ ਦਾ ਵੱਡਾ ਪੁੱਤਰ ਸੁਸ਼ੀਲ ਬੰਦਾ ਬਹਾਦਰ ਕਲੋਨੀ ’ਚ ਰਹਿੰਦਾ ਹੈ। ਸੁਧੀਰ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਪਿੰਡ ਗਈ ਹੋਈ ਸੀ। ਲੰਘੀ ਰਾਤ ਨੂੰ ਦੋਵੇਂ ਪਿਓ ਪੁੱਤ ਖਾਣਾ ਖਾਧਾ ਤੇ ਉਪਰੰਤ ਜੂਠੇ ਭਾਂਡੇ ਮਾਂਜਣ ਸਬੰਧੀ ਬਹਿਸ ਹੋ ਗਈ। ਇਸੇ ਦੌਰਾਨ ਰਾਮੇਸ਼ਵਰ ਨੇ ਆਪਣੇ ਲੜਕੇ ’ਤੇ ਰੋਟੀ ਬਣਾਉਣ ਵਾਲੇ ਤਵੇ ਨਾਲ ਹਮਲਾ ਕਰ ਦਿੱਤਾ। ਸੁਧੀਰ ਨੇ ਵੀ ਆਪਣੇ ਪਿਤਾ ’ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਖੁਦ ਬਚਾਅ ਲਈ ਛੱਤ ’ਤੇ ਚੜ੍ਹ ਗਿਆ। ਰਾਮੇਸ਼ਵਰ ਵੀ ਉਸ ਦੇ ਪਿੱਛੇ ਚਲਾ ਗਿਆ। ਉਸ ਨੇ ਛੱਤ ’ਤੇ ਲੱਕੜ ਦੇ ਬਾਲੇ ਨਾਲ ਲੜਕੇ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਤੋਂ ਬਾਅਦ ਸੁਧੀਰ ਬੇਸੁੱਧ ਹੋ ਗਿਆ। ਉਪਰੰਤ ਉਸ ਨੇ ਸੀਮਿੰਟ ਦੀਆਂ ਖਾਲੀ ਬੋਰੀਆਂ ਲੜਕੇ ’ਤੇ ਪਾਈਆਂ ਤੇ ਅੱਗ ਲਾ ਦਿੱਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।