ਬੀਰਬਲ ਰਿਸ਼ੀ
ਸ਼ੇਰਪੁਰ, 20 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਭਾਜਪਾ ਕਿਸਾਨ ਵਿੰਗ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਛੰਨਾਂ ਦੇ ਰਾਮਨਗਰ ਛੰਨਾਂ ਵਿਖੇ ਸਥਿਤ ਘਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਨਰਿੰਦਰਪਾਲ ਸਿੰਘ ਛੰਨਾ ਕਿਸੇ ਸਮੇਂ ਉਗਰਾਹਾਂ ਦੇ ਪ੍ਰਧਾਨ ਵਜੋਂ ਬਲਾਕ ਅੰਦਰ ਕਈ ਸੰਘਰਸ਼ਾਂ ਦੀ ਅਗਵਾਈ ਕਰ ਚੁੱਕਿਆ ਹੈ ਪਰ ਉਹ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਲਗਾਤਾਰ ਤਰਾਂ ਸੋਸ਼ਲ ਮੀਡੀਆ ‘ਤੇ ਨਵੇਂ ਖੇਤੀਵਾੜੀ ਕਾਨੂੰਨਾਂ ‘ਤੇ ਕੇਂਦਰ ਸਰਕਾਰ ਦੀ ਬੋਲੀ ਬੋਲਦਾ ਆ ਰਿਹਾ ਹੈ। ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਭਾਜਪਾ ਕਿਸਾਨ ਵਿੰਗ ਦੇ ਪ੍ਰਧਾਨ ਦੇ ਘਰ ਅੱਗੇ ਕਿਸਾਨ ਆਗੂ ਸਮੇਤ ਵੱਡੀ ਗਿਣਤੀ ਕਿਸਾਨ ਬੀਬੀਆਂ ਨੇ ਪਹੁੰਚਕੇ ਧਰਨਾ ਲਗਾ ਦਿੱਤਾ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਅਤੇ ਬਲਵਿੰਦਰ ਸਿੰਘ ਕਾਲਾਬੂਲਾ ਨੇ ਉਸਨੂੰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਅਰੰਭੇ ਝੂਠੇ ਪ੍ਰਚਾਰ ਤੋਂ ਬਾਜ਼ ਆਉਣ ਲਈ ਕਿਹਾ। ਐਸਰ ਪੈਟਰੋਲ ਪੰਪ ਸ਼ੇਰਪੁਰ ਦੇ ਸਾਹਮਣੇ ਲਗਾਇਆ ਪੱਕਾ ਧਰਨਾ ਅੱਜ 20ਵੇਂ ਦਿਨ ਵੀ ਜਾਰੀ ਰਿਹਾ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਧਰਨਾ ਹਾਲੇ ਜ਼ਾਰੀ ਰਹੇਗਾ ਅਤੇ 25 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ।