ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੁਲਾਈ
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਵਿੱਚ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਦੇ ਸਮਾਗਮ ਮਨਾਉਣ ਸਬੰਧੀ ਪਾਕਿਸਤਾਨ ਔਕਾਫ ਬੋਰਡ ਦੇ ਚੈਅਰਮੈਨ ਅਤੇ ਪੀਐੱਸਜੀਪੀਸੀ ਦੇ ਪ੍ਰਧਾਨ ਅਮੀਰ ਸਿੰਘ ਨੂੰ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ 30 ਅਕਤੂਬਰ ਨੂੰ ਪਾਕਿਸਤਾਨ ਵਿੱਚ ਰਾਵਲ ਪਿੰਡੀ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਬੰਧੀ ਸਮਾਗਮ ਕਰਨਾ ਚਾਹੁੰਦੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ 6 ਮੈਂਬਰੀ ਸਿੱਖ ਵਫ਼ਦ ਇਸੇ ਮਹੀਨੇ ਵਿੱਚ ਪਾਕਿਸਤਾਨ ਦਾ ਦੌਰਾ ਕਰਨਾ ਚਾਹੁੰਦਾ ਹੈ ਤਾਂ ਜੋ ਇਸ ਸ਼ਤਾਬਦੀ ਦੇ ਸਮਾਗਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ ਅਤੇ ਇਸ ਸਬੰਧੀ ਲੋੜੀਂਦੇ ਪ੍ਰਬੰਧ ਵੀ ਕੀਤੇ ਜਾ ਸਕਣ। ਸ਼ੋ੍ਮਣੀ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਵਾਸਤੇ ਪਾਕਿਸਤਾਨ ਭੇਜੇ ਜਾਣ ਵਾਲੇ 6 ਮੈਂਬਰੀ ਵਫ਼ਦ ਵਿੱਚ ਸਿੱਖ ਸੰਸਥਾ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ , ਮੈਂਬਰ ਜਰਨੈਲ ਸਿੰਘ ਡੋਗਰਾਵਾਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਅਜਾਇਬ ਸਿੰਘ ਅਭਿਆਸੀ, ਗੁਰਮੀਤ ਸਿੰਘ ਅਤੇ ਯਾਤਰਾ ਵਿਭਾਗ ਦੇ ਇੰਚਾਰਜ ਰਾਜਿੰਦਰ ਸਿੰਘ ਰੂਬੀ ਦੇ ਨਾਂ ਸ਼ਾਮਲ ਹਨ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਇਸ ਸਬੰਧੀ ਗੁਰਦੁਆਰਾ ਪੰਜਾ ਸਾਹਿਬ ਵਿੱਚ ਗੁਰਮਤਿ ਸਮਾਗਮ ਕਰਵਾਏਗੀ ਅਤੇ 28 ਅਕਤੂਬਰ ਨੂੰ ਅਖੰਡ ਪਾਠ ਆਰੰਭ ਕਰਨ ਅਤੇ 30 ਅਕਤੂਬਰ ਨੂੰ ਭੋਗ ਪਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਇੱਕ ਸੈਮੀਨਾਰ ਵੀ ਕਰਨਾ ਚਾਹੁੰਦੀ ਹੈ।
ਸਿੱਖ ਸੰਸਥਾ ਇਹ ਸ਼ਤਾਬਦੀ ਸਮਾਗਮ ਭਾਰਤ ਵਿੱਚ ਵੀ ਮਨਾਏਗੀ। ਸਾਕਾ ਪੰਜਾ ਸਾਹਿਬ 30 ਅਕਤੂਬਰ 1922 ਦੀ ਸਵੇਰ ਨੂੰ ਹਸਨ ਅਬਦਾਲ ਸਟੇਸ਼ਨ ’ਤੇ ਵਾਪਰਿਆ ਸੀ, ਜਿੱਥੇ ਲਗਪਗ 200 ਸਿੱਖਾਂ ਵੱਲੋਂ ਇਕ ਰੇਲਗੱਡੀ ਨੂੰ ਰੋਕਣ ਦਾ ਯਤਨ ਕੀਤਾ ਗਿਆ ਸੀ। ਇਸ ਰੇਲ ਗਡੀ ਵਿੱਚ ਸਿੱਖ ਬੰਦੀ ਸ਼ਾਮਲ ਸਨ, ਜਿਨ੍ਹਾਂ ਨੂੰ ਅਗੰਰੇਜ਼ ਹਕੂਮਤ ਵੱਲੋਂ ਸਜ਼ਾ ਵਜੋਂ ਅਟਕ ਦੇ ਕਿਲ੍ਹੇ ਵਿੱਚ ਕੈਦ ਵਿੱਚ ਰੱਖਣ ਲਈ ਭੇਜਿਆ ਗਿਆ ਸੀ। ਗੱਡੀ ਰੋਕਣ ਵਾਲੇ ਸਿੱਖ ਇਨ੍ਹਾਂ ਬੰਦੀ ਸਿੱਖਾਂ ਨੂੰ ਲੰਗਰ ਛਕਾਉਣਾ ਚਾਹੁੰਦੇ ਸਨ। ਹਸਨ ਅਬਦਾਲ ਸਟੇਸ਼ਨ ’ਤੇ ਆਏ ਇਹ ਸਿੱਖ ਰੇਲ ਗੱਡੀ ਨੂੰ ਰੋਕਣ ਵਾਸਤੇ ਰੇਲ ਪਟੜੀਆਂ ’ਤੇ ਬੈਠ ਗਏ ਅਤੇ ਰੇਲਗੱਡੀ ਨੇ 11 ਸਿੱਖਾਂ ਨੂੰ ਕੁਚਲ ਦਿੱਤਾ ਸੀ, ਜਿਸ ਵਿੱਚੋਂ ਦੋ ਸਿੱਖ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਦੀ ਅਗਲੇ ਦਿਨ ਮੌਤ ਹੋ ਗਈ ਸੀ। ਦੇਸ਼ ਵੰਡ ਤੋਂ ਪਹਿਲਾਂ ਤੱਕ ਇਨ੍ਹਾਂ ਦੀ ਯਾਦ ਵਿੱਚ ਹਰ ਵਰ੍ਹੇ 30 ਅਕਤੂਬਰ ਤੋਂ ਇਕ ਨਵੰਬਰ ਤੱਕ ਸਮਾਗਮ ਕੀਤਾ ਜਾਂਦਾ ਰਿਹਾ ਹੈ।