ਗਗਨਦਗੀਪ ਅਰੋੜਾ
ਲੁਧਿਆਣਾ, 19 ਮਈ
ਕਰੋਨਾਵਾਇਰਸ ਦੀ ਦੂਜੀ ਲਹਿਰ ਜਿੱਥੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਉਥੇ ਗਰਭਵਤੀ ਔਰਤਾਂ ਲਈ ਵੀ ਖ਼ਤਰਨਾਕ ਹੈ। ਲੁਧਿਆਣਾ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਗਰਭ ਵਿੱਚ ਪਲ ਰਹੇ ਬੱਚੇ ’ਤੇ ਕਰੋਨਾ ਦਾ ਅਸਰ ਹੋਇਆ ਹੋਵੇ ਤੇ ਅਜਿਹੇ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤਰ੍ਹਾਂ ਨਵਜੰਮੇ ਬੱਚੇ ਪਾਜ਼ੇਟਿਵ ਆ ਰਹੇ ਹਨ।
ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਔਰਤ ਰੋਗਾਂ ਦੀ ਮਾਹਿਰ ਡਾ. ਆਸ਼ਿਮਾ ਤਨੇਜਾ ਨੇ ਆਖਿਆ ਕਿ ਪਿਛਲੀ ਵਾਰ ਕਰੋਨਾ ਕਾਰਨ ਗਰਭਵਤੀ ਔਰਤਾਂ ਤਾਂ ਪਾਜ਼ੇਵਿਟ ਆਈਆਂ ਸਨ, ਪਰ ਇਹ ਜ਼ਿਆਦਾ ਖ਼ਤਰਨਾਕ ਨਹੀਂ ਸੀ। ਪਰ ਇਸ ਵਾਰ ਕਰੋਨਾ ਗਰਭਵਤੀ ਔਰਤਾਂ ਤੇ ਗਰਭ ਵਿੱਚ ਪਲ ਰਹੇ ਬੱਚਿਆਂ ਲਈ ਵੀ ਖ਼ਤਰਨਾਕ ਹੈ। ਉਨ੍ਹਾਂ ਦੇ ਹਸਪਤਾਲ ਵਿੱਚ ਹੁਣ ਤੱਕ ਕਈ ਕੇਸ ਸਾਹਮਣੇ ਆ ਚੁੱਕੇ ਹਨ, ਜਿਥੇ ਨਵਜੰਮੇ ਬੱਚੇ ਕਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਕਈ ਬੱਚਿਆਂ ਦੀ ਕਰੋਨਾ ਨਾਲ ਗਰਭ ਵਿੱਚ ਹੀ ਮੌਤ ਹੋ ਗਈ ਹੈ।
ਆਈਐੱਮਏ ਲੁਧਿਆਣਾ ਦੇ ਪ੍ਰਧਾਨ ਤੇ ਔਰਤ ਰੋਗਾਂ ਦੀ ਮਾਹਿਰ ਡਾਕਟਰ ਸਰੋਜ ਅਗਰਵਾਲ ਨੇ ਦੱਸਿਆ ਕਿ ਹੁਣ ਗਰਭ ’ਚ ਵੀ ਬੱਚਾ ਕਰੋਨਾ ਤੋਂ ਸੁਰੱਖਿਅਤ ਨਹੀਂ ਹੈ। ਹਾਲਾਂਕਿ ਪਿਛਲੇ ਸਾਲ ਗਰਭਵਤੀ ਔਰਤਾਂ ਨੂੰ ਤਾਂ ਕਰੋਨਾ ਹੋ ਰਿਹਾ ਸੀ, ਪਰ ਉਨ੍ਹਾਂ ਦੇ ਬੱਚੇ ਠੀਕ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਦਾ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਅਜਿਹੇ ਵਿੱਚ ਕਰੋਨਾ ਹੋਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।