ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਸੂਬਾ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਜਾਗੀ ਹੈ। ਜੇਠ ਮਹੀਨਾ ਭਲਕੇ ਸਮਾਪਤ ਹੋ ਰਿਹਾ ਹੈ ਅਤੇ ਹਾੜ੍ਹ ਮਹੀਨਾ ਚੜ੍ਹਨ ਤੋਂ ਬਾਅਦ ਲੂ ਤੋਂ ਛੁਟਕਾਰਾ ਮਿਲੇਗਾ ਅਤੇ ਇਸ ਨਾਲ ਤਾਪਮਾਨ ਵੀ ਘਟਣ ਦੀ ਉਮੀਦ ਹੈ। ਪੰਜਾਬ ਵਿੱਚ ਅੱਜ ਹਵਾ ਚੱਲਣ ਦੇ ਬਾਵਜੂਦ ਪਾਰਾ ਚੜ੍ਹਿਆ ਰਿਹਾ ਅਤੇ ਲੂ ਵੀ ਚੱਲਦੀ ਰਹੀ। ਦੂਜੇ ਪਾਸੇ ਰਾਜ ਦੇ ਕਈ ਖੇਤਰਾਂ ਵਿੱਚ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਰਹੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮੀ ਬੁਲੇਟਿਨ ਅਨੁਸਾਰ ਪੰਜਾਬ ਵਿੱਚ 14 ਜੂਨ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਵੇਗਾ। ਇਸ ਦੌਰਾਨ ਰਾਜ ਦੇ ਬਹੁਤੇ ਹਿੱਸਿਆਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ 15 ਜੂਨ ਨੂੰ ਮਾਲਵਾ, ਮਾਝਾ ਅਤੇ ਦੋਆਬੇ ਦੇ ਕੁਝ ਇਲਾਕਿਆਂ ਵਿੱਚ ਹਨੇਰੀ ਵੀ ਆ ਸਕਦੀ ਹੈ ਜਦਕਿ 16 ਜੂਨ ਨੂੰ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੂਬੇ ਦੇ ਮੌਸਮ ਵਿਚ ਬਦਲਾਅ ਪੱਛਮੀ ਗੜਬੜੀ ਕਾਰਨ ਹੋ ਸਕਦਾ ਹੈ ਪਰ ਮੌਸਮ ਮਾਹਿਰਾਂ ਨੇ ਪ੍ਰੀ-ਮੌਨਸੂਨ ਕਾਰਨ ਹਲਕਾ ਮੀਂਹ ਪੈਣ ਦੀ ਹਾਮੀ ਭਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਰਾਜ ਵਿੱਚ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਵਿੱਚ ਅੱਜ ਲੂ ਚੱਲੀ ਤੇ ਭਲਕੇ ਮੌਸਮ ਵਿੱਚ ਹਲਕਾ ਬਦਲਾਅ ਆਉਣ ਦੀ ਉਮੀਦ ਹੈ ਤੇ ਦੋ ਦਿਨਾਂ ਬਾਅਦ ਪਾਰਾ ਹੇਠਾਂ ਜਾ ਸਕਦਾ ਹੈ।