ਪਟਿਆਲਾ (ਸਰਬਜੀਤ ਸਿੰਘ ਭੰਗੂ): ਸੂਬੇ ਅੰਦਰ ਕੋਲੇ ਦੀ ਤੋਟ ਸਬੰਧੀ ਮੁਸ਼ਕਲ ਅਜੇ ਵੀ ਬਰਕਰਾਰ ਹੈ ਕਿਉਂਕਿ 930 ਮੈਗਾਵਾਟ ਦੇ ਦੋ ਯੂਨਿਟ ਕੋਲੇ ਦੀ ਘਾਟ ਕਾਰਨ ਕੁਝ ਦਿਨਾਂ ਤੋਂ ਬੰਦ ਹਨ। ਪਟਿਆਲਾ ਜ਼ਿਲ੍ਹੇ ’ਚ ਸਥਿਤ ਨਾਭਾ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਵਾਂਗ ਸਥਿਤੀ ਪਾਏਦਾਰ ਹੈ ਕਿਉਂਕਿ 1400 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਥਰਮਲ ਦੇ ਅੱਜ ਦੀ ਦੋਵੇਂ ਯੂਨਿਟ ਚੱਲ ਰਹੇ ਸਨ ਜਿਨ੍ਹਾਂ ਰਾਹੀਂ 1330 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਉਂਜ, ਇਸ ਥਰਮਲ ਕੋਲ ਕੋਲਾ ਵੀ 24 ਦਿਨਾਂ ਦਾ ਹੈ, ਪਰ ਬਾਕੀ ਥਰਮਲ ਕੋਲੇ ਦੇ ਮਾਮਲੇ ’ਚ ਨਾਜ਼ੁਕ ਸਥਿਤੀ ’ਚ ਹਨ। ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਥਰਮਲ ਕੋਲ ਸਾਢੇ ਛੇ ਦਿਨ, ਰੋਪੜ ਕੋਲ ਸਾਢੇ ਪੰਜ ਦਿਨ, ਗੋਇੰਦਵਾਲ ਸਾਹਿਬ ਕੋਲ ਸਾਢੇ ਚਾਰ ਦਿਨ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਸਾਢੇ ਤਿੰਨ ਦਿਨਾਂ ਦਾ ਕੋਲਾ ਹੈ। ਪਾਵਰਕੌਮ ਦੇ ਸੀਐੱਮਡੀ ਇੰਜ. ਬਲਦੇਵ ਸਿੰਘ ਸਰਾ ਭਾਵੇਂ ਕੋਲੇ ਦੀ ਤੋਟ ਦੀ ਗੱਲ ਤਾਂ ਮੰਨਦੇ ਹਨ, ਪਰ ਉਨ੍ਹਾਂ ਦਾ ਤਰਕ ਹੈ ਕਿ ਭਾਵੇਂ ਮਹਿੰਗੇ ਭਾਅ ਬਿਜਲੀ ਖਰੀਦਣੀ ਪਵੇ, ਪਾਵਰਕੌਮ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਨਾਲ ਨਹੀਂ ਘਿਰਨ ਦੇਵੇਗਾ। ਉਨ੍ਹਾਂ ਅਗਲੇ ਦਿਨੀਂ ਬਿਜਲੀ ਸਪਲਾਈ ’ਚ ਸੁਧਾਰ ਦੀ ਆਸ ਵੀ ਜਤਾਈ।