ਚਰਨਜੀਤ ਭੁੱਲਰ
ਚੰਡੀਗੜ੍ਹ, 28 ਅਪਰੈਲ
ਪੰਜਾਬ ’ਚ ਐਤਕੀਂ ਅਗੇਤੀ ਗਰਮੀ ਪੈਣ ਕਰਕੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਬਿਜਲੀ ਦਾ ਸੰਕਟ ਬਣ ਗਿਆ ਹੈ ਜੋ ਹੁਣ ਬੇਕਾਬੂ ਹੁੰਦਾ ਜਾਪ ਰਿਹਾ ਹੈ। ‘ਆਪ’ ਸਰਕਾਰ ਨੇ ਬਿਜਲੀ ਸੰਕਟ ਕਾਬੂ ਕਰਨ ਲਈ ਹੀਲੇ ਵਸੀਲੇ ਸ਼ੁਰੂ ਕਰ ਦਿੱਤੇ ਹਨ। ਦੂਜੇ ਬੰਨੇ ਕਿਸਾਨ ਜਥੇਬੰਦੀਆਂ ਨੇ ਬਿਜਲੀ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਵਿੱਢ ਦਿੱਤੇ ਹਨ। ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਇਸ ਮਾਮਲੇ ’ਚ ਕਟਹਿਰੇ ਵਿਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਬੁਆਇਲਰ ਲੀਕ ਹੋਣ ਕਰਕੇ ਬੰਦ ਹੋ ਗਏ ਸਨ ਜਿਨ੍ਹਾਂ ’ਚੋਂ ਰੋਪੜ ਤਾਪ ਬਿਜਲੀ ਘਰ ਦਾ ਯੂਨਿਟ ਮੁੜ ਚੱਲ ਪਿਆ ਹੈ।
ਜਿਵੇਂ ਜਿਵੇਂ ਪੰਜਾਬ ਵਿਚ ਤਪਸ਼ ਵਧ ਰਹੀ ਹੈ, ਉਸੇ ਤਰ੍ਹਾਂ ਹੀ ਗਰਮੀ ਵਧਦੀ ਜਾ ਰਹੀ ਹੈ। ਪਾਵਰਕੌਮ ਨੇ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਰਕੇ ਜਨਜੀਵਨ ਪ੍ਰਭਾਵਿਤ ਹੋਣ ਲੱਗ ਪਿਆ ਹੈ। ਐਤਕੀਂ ਵਾਢੀ ਜਲਦੀ ਖ਼ਤਮ ਹੋਣ ਕਰਕੇ ਖੇਤੀ ਸੈਕਟਰ ਵਿਚ ਵੀ ਪਾਣੀ ਦੀ ਮੰਗ ਵਧਣ ਲੱਗ ਪਈ ਹੈ। ਸੂਬੇ ਵਿਚ ਪੰਜ ਤਾਪ ਬਿਜਲੀ ਘਰਾਂ ਦੇ ਕੁੱਲ 15 ਯੂਨਿਟਾਂ ’ਚੋਂ ਇਸ ਵੇਲੇ 10 ਯੂਨਿਟ ਹੀ ਚੱਲ ਰਹੇ ਹਨ। ਪਾਵਰਕੌਮ ਕੋਲ ਇਸ ਵੇਲੇ 4498 ਮਿਲੀਅਨ ਯੂਨਿਟ ਬਿਜਲੀ ਉਪਲੱਬਧ ਹੈ ਜਦੋਂ ਕਿ ਪਿਛਲੇ ਵਰ੍ਹੇ ਅਪਰੈਲ ਵਿਚ 3167 ਮਿਲੀਅਨ ਯੂਨਿਟ ਸੀ। ਇਸ ’ਚ 42 ਫ਼ੀਸਦੀ ਦਾ ਵਾਧਾ ਹੋਇਆ ਹੈ। ਬੀਤੇ ਦਿਨੀਂ ਦੋ ਯੂਨਿਟ ਬੰਦ ਹੋਣ ਕਰਕੇ 800 ਮੈਗਾਵਾਟ ਬਿਜਲੀ ਦੀ ਕਟੌਤੀ ਹੋ ਗਈ ਸੀ। ਦੋ ਦਿਨਾਂ ਤੱਕ ਬਿਜਲੀ ਸਪਲਾਈ ਵਿਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਤਲਵੰਡੀ ਸਾਬੋ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਭਲਕੇ ਤੱਕ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਸਾਲਾਨਾ ਮੁਰੰਮਤ ਲਈ ਬੰਦ ਰੋਪੜ ਥਰਮਲ ਦਾ ਯੂਨਿਟ ਵੀ 30 ਅਪਰੈਲ ਨੂੰ ਚੱਲਣ ਦਾ ਅਨੁਮਾਨ ਹੈ। ਪਹਿਲੀ ਮਈ ਤੋਂ ਬੈਂਕਿੰਗ ’ਚੋਂ 300 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਪਾਵਰਕੌਮ ਆਸਵੰਦ ਹੈ ਕਿ ਪਹਿਲੀ ਮਈ ਤੋਂ ਬਿਜਲੀ ਸਪਲਾਈ ’ਚ ਕਾਫ਼ੀ ਸੁਧਾਰ ਹੋਵੇਗਾ। ਪੰਜਾਬ ਵਿਚ ਬਿਜਲੀ ਕੱਟ ਲੱਗਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਹਾਤੀ ਖੇਤਰ ਨੂੰ ਸਭ ਤੋਂ ਜ਼ਿਆਦਾ ਮਾਰ ਪੈ ਰਹੀ ਹੈ। ਆਉਂਦੇ ਦਿਨਾਂ ਵਿਚ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਲੋਕਾਂ ਦੇ ਸੜਕਾਂ ’ਤੇ ਉਤਰਨ ਦੀ ਸੰਭਾਵਨਾ ਬਣ ਸਕਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਉਹ 29 ਅਪਰੈਲ ਨੂੰ ਬਿਜਲੀ ਮੰਤਰੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਮੰਗ ਪੱਤਰ ਵੀ ਦਿੱਤਾ ਜਾਵੇਗਾ। ਬਾਕੀ ਕਿਸਾਨ ਜਥੇਬੰਦੀਆਂ ਨੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ ਕਿ ‘ਇੱਕ ਮੌਕਾ ‘ਆਪ’ ਨੂੰ, ਨਾ ਦਿਨੇ ਬਿਜਲੀ, ਨਾ ਰਾਤ ਨੂੰ।’ ਕੋਲੇ ਦੀ ਪੁਜ਼ੀਸ਼ਨ ’ਤੇ ਨਜ਼ਰ ਮਾਰੀਏ ਤਾਂ ਰਾਜਪੁਰਾ ਥਰਮਲ ਕੋਲ 18.5 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ ਜਦੋਂ ਕਿ ਤਲਵੰਡੀ ਸਾਬੋ ਥਰਮਲ ਕੋਲ 6.5 ਦਿਨਾਂ ਦਾ ਕੋਲਾ ਮੌਜੂਦ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਕੋਲ 4, ਰੋਪੜ ਥਰਮਲ ਕੋਲ 8.3 ਅਤੇ ਗੋਇੰਦਵਾਲ ਥਰਮਲ ਕੋਲ 2.4 ਦਿਨਾਂ ਦਾ ਕੋਲਾ ਸਟਾਕ ਪਿਆ ਹੈ।
ਚੇਅਰਮੈਨ ਵੱਲੋਂ ਰੇਲਵੇ ਅਫ਼ਸਰਾਂ ਨਾਲ ਮੀਟਿੰਗ
ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਅੱਜ ਦਿੱਲੀ ਵਿਚ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤਾਂ ਜੋ ਰੇਲਵੇ ਤੋਂ ਪੰਜਾਬ ਲਈ ਵੱਧ ਰੈਕ ਲਏ ਜਾ ਸਕਣ। ਰੇਲ ਅਧਿਕਾਰੀਆਂ ਨੇ ਰੈਕ ਵੱਧ ਦੇਣ ਦਾ ਭਰੋਸਾ ਦਿੱਤਾ ਹੈ। ਇਸ ਵੇਲੇ ਕੋਲਾ ਉਤਪਾਦਨ ਦੀ ਕਮੀ ਨਹੀਂ ਹੈ ਪਰ ਰੈਕ ਲੋੜੀਂਦੀ ਗਿਣਤੀ ਵਿਚ ਨਹੀਂ ਮਿਲ ਰਹੇ ਹਨ। ਚੇਅਰਮੈਨ ਸਰਾਂ ਨੇ ਅੱਜ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਵਿਚ ਸਸਤੀ ਬਿਜਲੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸੂਬੇ ਵਿੱਚ ਬਿਜਲੀ ਦਾ ਔਸਤ ਕੱਟ 5 ਘੰਟੇ ਲੱਗਿਆ
ਪਟਿਆਲਾ(ਸਰਬਜੀਤ ਸਿੰਘ ਭੰਗੂ): ਵੀਰਵਾਰ ਨੂੰ ਰਾਜ ਅੰਦਰ ਬਿਜਲੀ ਦੀ ਮੰਗ ਤਕਰੀਬਨ 9 ਹਜ਼ਾਰ ਮੈਗਾਵਾਟ ਰਹੀ ਜਦਕਿ ਸਪਲਾਈ ਕਰੀਬ 7400 ਮੈਗਾਵਾਟ ਰਹੀ। ਇਸ ਤਰਾਂ ਮੰਗ ਅਤੇ ਸਪਲਾਈ ਦੇ ਦਰਮਿਆਨ ਕਰੀਬ 1600 ਮੈਗਾਵਾਟ ਦਾ ਖੱਪਾ ਰਿਹਾ।ਇਸ ਦੇ ਬਾਵਜੂਦ ਵੀ ਰਾਜ ਅੰਦਰ ਅੱਜ 2 ਤੋਂ 8 ਘੰਟਿਆਂ ਤੱਕ ਦੇ ਬਿਜਲੀ ਕੱਟ ਲਾਉਣੇ ਪਏ ਹਨ ਅਤੇ ਇਨ੍ਹਾਂ ਦੀ ਔਸਤ 5 ਘੰਟੇ ਬਣਦੀ ਹੈ। ਇਸ ਦੌਰਾਨ ਭਾਵੇਂ ਕਿ ਕਰੀਬ 4100 ਮੈਗਾਵਾਟ ਬਿਜਲੀ ਤਾਂ ਰਾਜ ਅੰਦਰ ਹੀ ਥਰਮਲਾਂ ਅਤੇ ਹੋਰ ਸਾਧਨਾ ਜ਼ਰੀਏ ਪੈਦਾ ਕੀਤਾ ਗਈ, ਪਰ ਕਰੀਬ 33 ਸੌ ਮੈਗਾਵਾਟ ਬਿਜਲੀ ਪਾਵਰਕੌਮ ਨੂੰ ਬਾਹਰਲੇ ਸਰੋਤਾਂ ਤੋਂ ਵੀ ਲੈਣੀ ਪਈ। ਪਾਵਰਕੌਮ ਦੇ ਅਧਿਕਾਰਤ ਅੰਕੜਿਆਂ ਮੁਤਾਬਿਕ ਅੱਜ ਰਾਜ ਭਰ ਵਿਚਲੇ 68 ਫੀਡਰਾਂ ਤੋਂ ਬਿਜਲੀ ਦੇ ਕੱਟ ਲਾਉਣੇ ਪਏ। ਇਨ੍ਹਾਂ ਕੱਟਾਂ ਦਾ ਔਸਤ ਪੰਜ ਘੰਟੇ ਦੱਸੀ ਗਈ ਹੈ। ਪਰ ਜੇ ਕਿਸੇ ਖੇਤਰ ’ਚ ਦੋ ਘੰਟੇ ਦਾ ਕੱਟ ਲੱਗਾ, ਤਾਂ ਕਿਤੇ ਚਾਰ ,ਕਿਤੇ ਪੰਜ ਅਤੇ ਕਿਤੇ ਅੱਠ ਘੰਟਿਆਂ ਦਾ ਕੱਟ ਵੀ ਲਾਉਣਾ ਪਿਆ ਜਿਸ ਦੀ ਔਸਤ 5 ਘੰਟੇ ਬਣਦੀ ਹੈ।