ਜਸਵੰਤ ਜੱਸ
ਫ਼ਰੀਦਕੋਟ, 17 ਅਪਰੈਲ
ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਫਿਰ ਬੇਅਦਬੀ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਡੀਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਿੱਚ ਬਣੀ ਜਾਂਚ ਟੀਮ ਨੇ ਪੜਤਾਲ ਪ੍ਰਕਿਰਿਆ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨਮੋਲ ਰਤਨ ਸਿੰਘ ਨੇ ਆਖਿਆ ਕਿ 4 ਜਨਵਰੀ 2021 ਨੂੰ ਡੀਆਈਜੀ ਰਣਧੀਰ ਸਿੰਘ ਖੱਟੜਾ ਦੀ ਥਾਂ ਕਿਸੇ ਹੋਰ ਪੁਲੀਸ ਅਧਿਕਾਰੀ ਨੂੰ ਜਾਂਚ ਟੀਮ ਦੀ ਅਗਵਾਈ ਸੌਂਪੀ ਜਾਵੇ। ਜਿਸ ’ਤੇ ਪੰਜਾਬ ਸਰਕਾਰ ਨੇ ਡੀਆਈਜੀ ਐੱਸਪੀਐੱਸ ਪਰਮਾਰ ਨੂੰ ਬੇਅਦਬੀ ਕਾਂਡ ਦੀ ਜਾਂਚ ਲਈ ਟੀਮ ਦਾ ਮੁਖੀ ਲਾ ਦਿੱਤਾ ਸੀ ਪਰ ਜਾਂਚ ਟੀਮ ਬਣਨ ਤੋਂ 60 ਦਿਨ ਬਾਅਦ ਵੀ ਪੜਤਾਲ ਟੀਮ ਘਟਨਾ ਸਥਾਨ ’ਤੇ ਨਹੀਂ ਪੁੱਜੀ ਅਤੇ ਨਾ ਹੀ ਪੜਤਾਲ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਦੋਂਕਿ ਇਲਾਕਾ ਮੈਜਿਸਟਰੇਟ ਦੀ ਅਦਾਲਤ ਪੜਤਾਲ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਰਣਧੀਰ ਸਿੰਘ ਖੱਟੜਾ ਨੇ ਬੇਅਦਬੀ ਕਾਂਡ ਵਿੱਚ 6 ਜੁਲਾਈ 2020 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ 11 ਵਿਅਕਤੀਆਂ ਖ਼ਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਿੱਟ ਨੰ: 19787 ਦਾ ਫੈਸਲਾ ਕਰਦਿਆਂ ਇਸ ਚਲਾਨ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੀਬੀਆਈ ਵੀ ਪੜਤਾਲ ਕਰ ਚੁੱਕੀ ਹੈ ਅਤੇ ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਮਾਮਲੇ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਰਾਹੀਂ ਸੀਬੀਆਈ ਤੋਂ ਜਾਂਚ ਵਾਪਸ ਲੈ ਲਈ ਸੀ ਪਰ ਪੜਤਾਲ ਵਾਪਸ ਲੈਣ ਤੋਂ ਤਿੰਨ ਮਹੀਨੇ ਬਾਅਦ ਵੀ ਸਰਕਾਰ ਇਸ ਮਾਮਲੇ ਵਿੱਚ ਆਪਣੀ ਕੋਈ ਪ੍ਰਗਤੀ ਨਹੀਂ ਦਿਖਾ ਸਕੀ। ਜਾਂਚ ਟੀਮ ਦੇ ਮੁਖੀ ਐੱਸਪੀਐੱਸ ਪਰਮਾਰ ਨੇ ਆਖਿਆ ਕਿ ਬੇਅਦਬੀ ਕਾਂਡ ਦੀ ਪੜਤਾਲ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਤਿੰਨ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪੜਤਾਲ ਦਾ ਕੋਈ ਵੀ ਨੁਕਤਾ ਜਨਤਕ ਤੌਰ ’ਤੇ ਸਾਂਝਾ ਨਹੀਂ ਕਰ ਸਕਦੇ। ਇੱਕ ਹੋਰ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਨੇ ਉਹਨਾਂ ਨੂੰ ਸਮੇਂ ਸਿਰ ਰਿਕਾਰਡ ਨਹੀਂ ਦਿੱਤਾ ਜਿਸ ਕਰਕੇ ਪੜਤਾਲ ਵਿੱਚ ਕੁਝ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀ ਇਸ ਤੋਂ ਪਹਿਲਾਂ ਹੋਈ ਪੜਤਾਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਬੇਅਦਬੀ ਕਾਂਡ ਦੇ ਕਸੂਰਵਾਰਾਂ ਖ਼ਿਲਾਫ਼ ਚਲਾਨ ਅਦਾਲਤ ਵਿੱਚ ਆ ਸਕਦਾ ਹੈ। ਬੇਅਦਬੀ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਤੋਂ ਪੁਲੀਸ ਪੁੱਛ-ਪੜਾਤਲ ਵੀ ਨਹੀਂ ਕੀਤੀ ਜਾ ਸਕੀ ਜਦੋਂਕਿ ਤਿੰਨ ਡੇਰਾ ਪ੍ਰੇਮੀ ਅਜੇ ਤੱਕ ਪੁਲੀਸ ਦੇ ਹੱਥ ਹੀ ਨਹੀਂ ਲੱਗੇ। ਬਾਕੀ ਮੁਲਜ਼ਮਾਂ ਨੂੰ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।
ਕੁੰਵਰ ਵਿਜੈ ਪ੍ਰਤਾਪ ਵੱਲੋਂ ਸਪੀਕਰ ਨਾਲ ਮੁਲਾਕਾਤ
ਚੰਡੀਗੜ੍ਹ/ਰੂਪਨਗਰ (ਦਵਿੰਦਰ ਪਾਲ/ਬਹਾਦਰਜੀਤ): ਪੰਜਾਬ ਦੇ ਚਰਚਿਤ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸਿਆਸੀ ਹਸਤੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਮੀਟਿੰਗ ਕੀਤੀ। ਸਪੀਕਰ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸ਼ਿਸ਼ਟਾਚਾਰੀ ਮਿਲਣੀ ਸੀ ਅਤੇ ਕੋਈ ਹੋਰ ਖਾਸ ਗੱਲਬਾਤ ਨਹੀਂ ਹੋਈ। ਉਧਰ ਸੂਤਰਾਂ ਮੁਤਾਬਕ ਕੁੰਵਰ ਵਿਜੈ ਪ੍ਰਤਾਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਸਤੀਫ਼ਾ ਦੇਣ ਸਬੰਧੀ ਆਪਣੇ ਫੈਸਲੇ ਤੋਂ ਨਹੀਂ ਮੁੜਨਗੇ। ਹੁਣ ਸਰਕਾਰ ਕੋਲ ਵੀ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਿਨਾਂ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਹੈ। ਤਾਜ਼ਾ ਘਟਨਾਕ੍ਰਮ ਦੀ ਪੁਲੀਸ ਵਿਭਾਗ ਅਤੇ ਹਾਕਮ ਪਾਰਟੀ ਅੰਦਰ ਭਾਰੀ ਹਲਚਲ ਪਾਈ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੌਰਾਨ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣੇ ਇੱਕ ਸਾਥੀ ਅਧਿਕਾਰੀ ਕੋਲ ਦਿਲ ਦੀ ਗੱਲ ਕਰਦਿਆਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਪੇਸ਼ੇਵਰ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਯਤਨ ਕੀਤੇ ਗਏ ਪਰ ਦੁੱਖ ਦੀ ਗੱਲ ਹੈ ਕਿ ਇਮਾਨਦਾਰੀ ਨਾਲ ਕੀਤਾ ਗਿਆ ਅਮਲ ਸਿਰੇ ਨਹੀਂ ਚੜ੍ਹ ਸਕਿਆ। ਹਾਕਮ ਪਾਰਟੀ ਅੰਦਰ ਹੁਣ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਦਾ ਕੰਮ ਮੁਕੰਮਲ ਕਰਨ ਦੀ ਵੀ ਚੁਣੌਤੀ ਖੜ੍ਹੀ ਹੋ ਗਈ ਹੈ ਕਿਉਂਕਿ ਚੋਣਾਂ ਨਜ਼ਦੀਕ ਹੋਣ
ਕਾਰਨ ਜ਼ਿਆਦਾਤਰ ਪੁਲੀਸ ਅਫ਼ਸਰਾਂ ਵੱਲੋਂ ਨਵੀਂ ਗਠਨ ਹੋਣ ਵਾਲੀ ਐੱਸਆਈਟੀ ਤੋਂ ਲਾਂਭੇ ਰਹਿਣ ਲਈ ਹੁਣੇ ਤੋਂ ਹੀ ਸਰਕਾਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਸੀਨੀਅਰ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣਾ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਬਾਦਲ ਪਹਿਲਾਂ ਹੀ ਪੁਲੀਸ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਤੋਂ ਹਟਾਉਣਾ ਚਾਹੁੰਦੇ ਸਨ ਅਤੇ ਹੁਣ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਖੁਦ ਹੀ ਅਸਤੀਫ਼ਾ ਦੇਣ ਨਾਲ ਦੋਹਾਂ ਦੇ ਮਨਸੂਬੇ ਕਾਮਯਾਬ ਹੋ ਗਏ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਅਦਾਕਾਰ ਅਕਸ਼ੈ ਕੁਮਾਰ ਸਮੇਤ ਹੋਰ ਸ਼ਖਸੀਅਤਾਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੇ ਬਾਵਜੂਦ ਕੋਟਕਪੂਰਾ ਗੋਲੀ ਕਾਂਡ ਦੀ ਸਚਾਈ ਲੋਕਾਂ ਸਾਹਮਣੇ ਕਿਉਂ ਨਹੀਂ ਆ ਸਕੀ ਹੈ ਅਤੇ ਸਿਟ ਦੇ ਮੁਖੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ।