ਬਟਾਲਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਮਸਲੇ ਵਿਚਾਰਨ ਲਈ ਬਣਾਈ ਗਈ ਐੱਮਐੱਸਸੀ ਕਮੇਟੀ ਦੇ ਦੋ ਮੈਂਬਰ ਠਾਕੁਰ ਗੁਣੀ ਪ੍ਰਕਾਸ਼ (ਹਰਿਆਣਾ) ਤੇ ਪਾਸਿਲ ਪਾਟਿਲ (ਮਹਾਰਾਸ਼ਟਰ) ਅੱਜ ਬਟਾਲਾ ਪਹੁੰਚੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਭੁਪਿੰਦਰ ਸਿੰਘ ਮਾਨ ਦੇ ਗ੍ਰਹਿ ’ਜ ਕਿਸਾਨ ਸੰਵਾਦ ਸੰਮੇਲਨ ਕਰਵਾਇਆ ਗਿਆ, ਜਿੱਥੇ ਕਿਸਾਨਾਂ ਨੇ ਕਮੇਟੀ ਮੈਂਬਰਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਦਿਆਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੇਂਦਰ ਸਰਕਾਰ ਨੂੰ ਠੋਸ ਨੀਤੀ ਅਪਣਾਉਣ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਕਮੇਟੀ ਦੀ ਪਲੇਠੀ ਮੀਟਿੰਗ ਦਿੱਲੀ ਵਿੱਚ ਹੋਈ ਸੀ, ਜਿਸ ਮਗਰੋਂ ਹੁਣ ਕਿਸਾਨਾਂ ਦੇ ਸੁਝਾਅ ਲਏ ਜਾ ਰਹੇ ਹਨ।