ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਸਤੰਬਰ
ਦੋ ਦਿਨਾਂ ਪਹਿਲਾਂ ਸ਼ਰਾਬ ਪੀ ਕੇ ਗੁਆਂਢੀਆਂ ਨਾਲ ਹੋਏ ਝਗੜੇ ਦੇ ਦੋ ਜ਼ਖ਼ਮੀਆਂ ਨੇ ਅੱਜ ਇੱਥੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਰਵੀ ਵਾਸੀ ਬਸੰਤ ਐਵੇਨਿਊ ਅਤੇ ਉਸਦੀ ਸੱਸ ਨੂਰਜਹਾਂ ਵਜੋਂ ਹੋਈ ਹੈ। ਪੁਲੀਸ ਨੇ ਜਾਂਚ ਮਗਰੋਂ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪੁਲੀਸ ਨੇ ਮ੍ਰਿਤਕ ਰਵੀ ਦੀ ਪਤਨੀ ਦੀ ਸ਼ਿਕਾਇਤ ’ਤੇ ਗੁਆਂਢੀ ਗੋਪੀ ਰਾਮ, ਅਹਿਮਦ, ਕਿਰਨ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਰਵੀ ਦੇ ਗੁਆਂਢੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।