ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 9 ਮਈ
ਸ੍ਰੀ ਗੀਤਾ ਭਵਨ ਸ਼ਹਿਣਾ ਵਿਖੇ ਲੰਘੀ ਰਾਤ 9 ਵਜੇ ਦੇ ਕਰੀਬ ਜੋਤ ਤੋਂ ਅੱਗ ਲੱਗ ਗਈ। ਅੱਗ ਲੱਗਣ ਕਾਰਨ ਭਗਵਾਨ ਕ੍ਰਿਸ਼ਨ, ਰਾਧਾ ਰਾਣੀ ਦੀਆਂ ਮੂਰਤੀਆਂ ਖੰਡਤ ਹੋ ਗਈਆਂ। ਮੰਦਰ ’ਚ ਪਾਲਕੀ, ਪਰਦੇ ਅਤੇ ਹੋਰ ਸਾਮਾਨ ਵੀ ਸੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਡਤ ਨੰਦ ਕਿਸ਼ੋਰ ਨੇ ਰੋਜ਼ਾਨਾ ਵਾਂਗ ਜੋਤ ਲਾਈ ਸੀ ਅਤੇ ਅਚਾਨਕ ਹੀ ਇਹ ਘਟਨਾ ਵਾਪਰ ਗਈ। ਸਵੇਰੇ ਦਿਨ ਚੜ੍ਹਦੇ ਹੀ ਸਾਰੇ ਕਸਬੇ ਸ਼ਹਿਣਾ ਅਤੇ ਇਲਾਕੇ ’ਚ ਖਬਰ ਫੈਲ ਗਈ। ਸ੍ਰੀ ਗੀਤਾ ਭਵਨ ਕਮੇਟੀ ਦੇ ਅਹੁਦੇਦਾਰ ਅਤੇ ਪਤਵੰਤੇ ਇਕੱਠੇ ਹੋਏ। ਇਲਾਕੇ ’ਚ ਸ਼ੋਕ ਦੀ ਲਹਿਰ ਦੌੜ ਗਈ। ਸ਼ੋਕ ਵਜੋਂ ਕਸਬੇ ਸ਼ਹਿਣਾ ਦੇ ਸਾਰੇ ਬਾਜ਼ਾਰ ਬੰਦ ਰਹੇ। ਪ੍ਰਬੰਧਕਾਂ ’ਚੋਂ ਤਰਸੇਮ ਲਾਲ ਬਿੱਲੂ ਨੇ ਦੱਸਿਆ ਕਿ ਇਹ ਮੂਰਤੀਆਂ 1998 ’ਚ ਲਾਈਆਂ ਸਨ ਅਤੇ ਸਮੂਹਿਕ ਤੌਰ ’ਤੇ ਸਰਧਾਲੂਆਂ ਦੇ ਸਹਿਯੋਗ ਨਾਲ ਸੁੰਦਰ ਮੰਦਰ ਬਣਾਇਆ ਗਿਆ।
ਥਾਣਾ ਸ਼ਹਿਣਾ ਦੇ ਐੱਸਐੱਚਓ ਜਗਸੀਰ ਸਿੰਘ ਨੇ ਪੁਲੀਸ ਪਾਰਟੀ ਨਾਲ ਘਟਨਾ ਸਥਾਨ ਦਾ ਦੌਰਾਨ ਕੀਤਾ। ਸੀਸੀਟੀਵੀ ਕੈਮਰੇ ਚੈੱਕ ਕੀਤੇ। ਐੱਸਐੱਚਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵੀ ਕਿਸਮ ਦੀ ਸ਼ਰਾਰਤ ਨਹੀਂ ਹੋਈ ਹੈ। ਜੋਤ ਭੜਕੀ ਅੱਗ ਕਾਰਨ ਘਟਨਾ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਮੰਦਿਰ ਦਾ ਦੌਰਾ ਕੀਤਾ ਗਿਆ ਅਤੇ ਅਫਸੋਸ ਪ੍ਰਗਟਾਇਆ ਗਿਆ। ਉਨ੍ਹਾਂ ਲੋਕਾਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪ੍ਰਬੰਧਕਾਂ ’ਚੋਂ ਇਕੱਠੇ ਹੋਏ ਸ਼ਿਵਜੀ ਰਾਮ, ਕੈਲਾਸ ਮਿੱਤਲ, ਕ੍ਰਿਸ਼ਨ ਗੋਪਾਲ ਵਿੱਕੀ, ਕਾਕਾ ਟਿੱਬੀ ਵਾਲਾ, ਰਾਜ ਕੁਮਾਰ, ਬੁੱਧ ਰਾਮ ਬਾਂਸਲ ਨੇ ਦੱਸਿਆ ਕਿ ਜਲਦੀ ਸਾਰੇ ਨਗਰ ਦੀ ਮੀਟਿੰਗ ਸੱਦ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।