ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਪਰੈਲ
ਪੰਜਾਬ ਵਿੱਚ ਮੌਸਮ ਲਗਾਤਾਰ ਮਿਜ਼ਾਜ ਬਦਲ ਰਿਹਾ ਹੈ। ਪੰਜਾਬ ਵਿੱਚ ਮੁੜ 26, 27 ਤੇ 28 ਅਪਰੈਲ ਨੂੰ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਕਿਸਾਨਾਂ ਨੂੰ ਹਾੜ੍ਹੀ ਸਾਂਭਣ ਦੀ ਚਿੰਤਾ ਸਤਾਉਣ ਲੱਗੀ ਹੈ। ਬੀਤੇ ਦਿਨੀਂ ਪਏ ਮੀਂਹ ਤੇ ਗੜਿਆਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਮੌਸਮ ਵਿਭਾਗ ਨੇ ਪੰਜਾਬ ਵਿੱਚ 26 ਅਪਰੈਲ ਨੂੰ ਸ਼ਾਮ ਸਮੇਂ ਤੋਂ ਮੌਸਮ ਖ਼ਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਦਾ ਅਸਰ 27 ਤੇ 28 ਅਪਰੈਲ ਨੂੰ ਵੀ ਦੇਖਣ ਨੂੰ ਮਿਲੇਗਾ। ਇਸ ਦੌਰਾਨ ਕੁਝ ਥਾਵਾਂ ’ਤੇ ਮੀਂਹ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਗਿਆਨੀਆਂ ਨੇ 26 ਤੇ 27 ਅਪਰੈਲ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ ਜਦਕਿ 28 ਅਪਰੈਲ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੌਸਮ ਵਿੱਚ ਪੱਛਮੀ ਵਿਗਾੜ ਕਾਰਨ ਸੂਬੇ ਵਿੱਚ ਮੁੜ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਇਸ ਨਾਲ ਪੰਜਾਬ ਦੇ ਇਕ ਦਰਜਨ ਤੋਂ ਵੱਧ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ। ਸੂਬੇ ਵਿੱਚ ਪਿਛਲੇ ਦਿਨੀਂ ਹੋਈ ਗੜੇਮਾਰੀ ਤੇ ਮੀਂਹ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਸੀ। ਦੱਸਣਯੋਗ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ 132 ਲੱਖ ਮੀਟਰਿਕ ਟਨ ਫ਼ਸਲ ਆਉਣ ਦਾ ਅਨੁਮਾਨ ਹੈ ਜਦਕਿ ਹਾਲੇ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 60 ਲੱਖ ਮੀਟਰਿਕ ਟਨ ਦੇ ਕਰੀਬ ਕਣਕ ਦੀ ਆਮਦ ਹੋਈ ਹੈ।