ਜਸਵੰਤ ਜੱਸ
ਫ਼ਰੀਦਕੋਟ, 26 ਮਈ
ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ 119 ਵਿਚੋਂ 56 ਵੈਂਟੀਲੇਟਰ ਅਜੇ ਵੀ ਕੰਮ ਨਹੀਂ ਕਰ ਰਹੇ, ਜਿਸ ਦਾ ਖਮਿਆਜ਼ਾ ਮਾਲਵੇ ਦੇ ਦਸ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ।
ਸੂਚਨਾ ਅਨੁਸਾਰ ਫ਼ਰੀਦਕੋਟ ਮੈਡੀਕਲ ਕਾਲਜ ਨੂੰ ਮੁਹੱਈਆ ਕਰਵਾਏ ਗਏ ਵੈਂਟੀਲੇਟਰ ਵਧੀਆ ਕਿਸਮ ਦੇ ਨਾ ਹੋਣ ਕਾਰਨ ਡਾਕਟਰ ਇਨ੍ਹਾਂ ਵੈਂਟੀਲੇਟਰਾਂ ਨੂੰ ਵਰਤ ਹੀ ਨਹੀਂ ਰਹੇ ਅਤੇ ਨਾ ਹੀ ਇਨ੍ਹਾਂ ਦੀ ਯੋਗਤਾ ’ਤੇ ਭਰੋਸਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਨੇ 90 ਦੇ ਕਰੀਬ ਵੈਂਟੀਲੇਟਰ ਠੀਕ ਕਰਵਾ ਲਏ ਸਨ ਪਰ ਇਨ੍ਹਾਂ ਵਿੱਚੋਂ 30 ਵੈਂਟੀਲੇਟਰ ਮੁੜ ਖ਼ਰਾਬ ਹੋ ਗਏ ਹਨ।
ਹਸਪਤਾਲ ਦੇ ਸੂਤਰਾਂ ਅਨੁਸਾਰ ਜਿਹੜੇ ਵੈਂਟੀਲੇਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਕੁਝ ਸਮੇਂ ਬਾਅਦ ਖ਼ਰਾਬ ਹੋ ਜਾਂਦੇ ਹਨ, ਜਿਸ ਕਰਕੇ ਡਾਕਟਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਸਾਰੇ ਵੈਂਟੀਲੇਟਰਾਂ ਨੂੰ ਚਲਾਉਣ ਲਈ ਯੂਨੀਵਰਸਿਟੀ ਆਪਣੇ ਪੱਧਰ ’ਤੇ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੇ ਵੈਂਟੀਲੇਟਰ ਮੁਹੱਈਆ ਕਰਵਾਏ ਸਨ, ਉਸ ਕੰਪਨੀ ਦੇ ਇੰਜਨੀਅਰ ਬਾਕੀ ਖ਼ਰਾਬ ਵੈਂਟੀਲੇਟਰਾਂ ਨੂੰ ਠੀਕ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਕਰੋਨਾ ਸਬੰਧੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਰਗੇ ਹਾਲਾਤ ਹੋਣ ਦੇ ਬਾਵਜੂਦ ਹਸਪਤਾਲ ਵਿੱਚ ਪਏ ਵੈਂਟੀਲੇਟਰ ਕੰਮ ਨਹੀਂ ਕਰ ਰਹੇ ਤਾਂ ਫਿਰ ਇਨ੍ਹਾਂ ਉੱਪਰ ਕਰੋੜਾਂ ਰੁਪਏ ਖਰਚਣ ਦਾ ਕੀ ਮਤਲਬ ਹੈ।