ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਅਗਸਤ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਭਰਤੀ ਲਈ 21 ਅਗਸਤ ਨੂੰ ਲਈ ਗਈ ਪ੍ਰੀਖਿਆ ਦੀ ਉੱਤਰ-ਪੱਤਰੀ ਜਾਰੀ ਕਰ ਦਿੱਤੀ ਗਈ ਹੈ ਪਰ ਇਨ੍ਹਾਂ ਉੱਤਰਾਂ ਤੋਂ ਬਹੁਤੇ ਉਮੀਦਵਾਰ ਸੰਤੁਸ਼ਟ ਨਹੀਂ ਹਨ। ਇਹ ਦਾਅਵਾ ਕਰਦਿਆਂ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਖ਼ਦਸ਼ਾ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਹੈ ਕਿਉਂਕਿ ਉੱਤਰਾਂ ਦਾ ਵਿਵਾਦ ਖੜ੍ਹਾ ਹੋਣ ’ਤੇ ਮਸਲਾ ਹਾਈ ਕੋਰਟ ਜਾ ਸਕਦਾ ਹੈ ਅਤੇ ਭਰਤੀ ਪ੍ਰਕਿਰਿਆ ਲਟਕ ਸਕਦੀ ਹੈ। ਇਸ ਕਰਕੇ ਬੇਰੁਜ਼ਗਾਰ ਡੂੰਘੀ ਚਿੰਤਾ ਦੇ ਆਲਮ ’ਚ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਮਾਸਟਰ ਕਾਡਰ ਦੇ ਪੇਪਰ ’ਚ ਜੋ ਗਲਤੀਆਂ ਹਨ, ਸ਼ਾਇਦ ਪੰਜਵੀਂ ਪਾਸ ਵਿਦਿਆਰਥੀ ਵੀ ਕੱਢ ਦੇਣ ਪਰ ਅਧਿਆਪਕਾਂ ਦੀ ਮਿਹਨਤ ਨੂੰ ਪਰਖਣ ਵਾਲਿਆਂ ਨੂੰ ਡੱਕਾ ਨੀ ਆਉਂਦਾ।