ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕਿਸਾਨਾਂ ਨਾਲ ਹੋਈ ਠੱਗੀ ਦੀ ਉਚ ਪੱਧਰੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਪਾਵਰਕੌਮ ਦੇ ਚੇਅਰਮੈਨ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨਦੇ ਹੋਏ ਕਿਹਾ ਹੈ ਕਿ ਬਠਿੰਡਾ, ਮਾਨਸਾ, ਬਰਨਾਲਾ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਮ ’ਤੇ ਘੁਟਾਲਾ ਹੋਇਆ ਹੈ, ਜਿਸ ਮਾਮਲੇ ਦੀ ਜਾਂਚ ਲਈ ਦੋ ਦਿਨ ਵਿੱਚ ‘ਸਿਟ’ ਦਾ ਗਠਨ ਕਰ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਮੋਟਰਾਂ ਪਾਵਰਕੌਮ ਦੇ ਟਰਾਂਸਫਾਰਮਰ, ਖੰਭੇ ਜਾਂ ਸਟੋਰ ਵਿਚੋਂ ਨਿਕਲੇ ਸਾਮਾਨ ਨਾਲ ਲੱਗੀਆਂ ਹਨ ਉਨ੍ਹਾਂ ਵਿਚੋਂ ਕਿਸੇ ਵੀ ਕਿਸਾਨ ਦਾ ਮੋਟਰ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ।