ਲਖਵਿੰਦਰ ਸਿੰਘ
ਮਲੋਟ, 21 ਜੁਲਾਈ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਤੋਂ ਮਲੋਟ ਦੀ ਜੇਐੱਮਆਈਸੀ ਜੱਜ ਦਿਲਸ਼ਾਦ ਕੌਰ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਰਣਜੀਤ ਸਿੰਘ ਦੇ ਕਤਲ ਸਬੰਧੀ ਸਾਲ 2020 ‘ਚ ਦਰਜ ਕੇਸ ’ਚ ਪੁੱਛ ਪੜਤਾਲ ਲਈ ਉਸ ਦਾ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 7 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਗੈਂਗਸਟਰ ਨੂੰ ਡੀਐੱਸਪੀ ਮਲੋਟ ਬਲਕਾਰ ਸਿੰਘ ਸਮੇਤ ਹੋਰ ਉੱਚ ਅਧਿਕਾਰੀਆਂ ਦੀ ਟੀਮ ਨੇ ਪੇਸ਼ ਕੀਤਾ। ਇਸ ਪੇਸ਼ੀ ਦੌਰਾਨ ਵੱਡੀ ਗਿਣਤੀ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਸਨ। ਔਲਖ ਵਿਖੇ ਰਣਜੀਤ ਸਿੰਘ ਦਾ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦ ਉਹ ਆਪਣੀ ਪਤਨੀ ਸਮੇਤ ਡਾਕਟਰ ਕੋਲ ਦਵਾਈ ਲੈਣ ਲਈ ਪਹੁੰਚਿਆ ਸੀ।