ਕਰਮਜੀਤ ਸਿੰਘ ਚਿੱਲਾ
ਬਨੂੜ, 26 ਜੂਨ
ਬਨੂੜ ਸ਼ਹਿਰ ਨੂੰ ਸਬ-ਡਿਵੀਜ਼ਨ ਬਣਾਉਣ ਦਾ ਮਾਮਲਾ ਵਿਧਾਨ ਸਭਾ ’ਚ ਗੂੰਜਿਆ ਹੈ। ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਸ਼ੁੱਕਰਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਇਹ ਮਾਮਲਾ ਚੁੱਕਿਆ। ਉਨ੍ਹਾਂ ਮੁਹਾਲੀ ਤੇ ਪਟਿਆਲਾ ਦੋ ਜ਼ਿਲ੍ਹਿਆਂ ਦੇ ਹੁਕਮਾਂ ਦੀ ਅਧੀਨਗੀ ਝੱਲ ਰਹੇ ਬਨੂੜ ਸ਼ਹਿਰ ਨੂੰ ਸਬ ਡਿਵੀਜ਼ਨ ਬਣਾ ਕੇ ਇਸ ਸ਼ਹਿਰ ਤੇ ਪਿੰਡਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗ ਕੀਤੀ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਧਾਇਕਾ ਦੇ ਪ੍ਰਸ਼ਨ ਦੇ ਉੱਤਰ ’ਚ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਬਨੂੜ ਨੂੰ ਸਬ ਡਿਵੀਜ਼ਨ ਬਣਾਏ ਜਾਣ ਦੀ ਕੋਈ ਤਜਵੀਜ਼ ਨਹੀਂ। ਉਨ੍ਹਾਂ ਸਬ ਡਿਵੀਜ਼ਨ ਬਣਾਏ ਜਾਣ ਲਈ ਨਿਰਧਾਰਤ ਸ਼ਰਤਾਂ ਵੀ ਗਿਣਾਈਆਂ। ਉਨ੍ਹਾਂ ਵਿਧਾਇਕਾ ਦੀ ਮੰਗ ’ਤੇ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ’ਚ ਬਨੂੜ ਨੂੰ ਸਬ ਡਿਵੀਜ਼ਨ ਬਣਾਏ ਜਾਣ ਦੀ ਤਜਵੀਜ਼ ਨੂੰ ਵਿਚਾਰਨ ਦਾ ਭਰੋਸਾ ਦਿੱਤਾ। ਬਨੂੜ ਸ਼ਹਿਰ ਤੇ ਇਸ ਨਾਲ ਲੱਗਦੇ 28 ਪਿੰਡਾਂ ਨੂੰ 2010 ’ਚ ਪਟਿਆਲਾ ਜ਼ਿਲ੍ਹੇ ’ਚੋਂ ਕੱਢ ਕੇ ਮੁਹਾਲੀ ਜ਼ਿਲ੍ਹੇ ਨਾਲ ਜੋੜਿਆ ਸੀ। ਉਸ ਸਮੇਂ ਬਨੂੜ ਨੂੰ ਸਬ ਤਹਿਸੀਲ ਦਾ ਦਰਜਾ ਵੀ ਦਿੱਤਾ ਗਿਆ ਸੀ। ਪੰਚਾਇਤ ਵਿਭਾਗ ਨੂੰ ਛੱਡ ਕੇ ਸਿਵਲ ਦੇ ਸਮੁੱਚੇ ਵਿਭਾਗ ਮੁਹਾਲੀ ਜ਼ਿਲ੍ਹੇ ਨਾਲ ਜੁੜ੍ਹ ਗਏ ਸਨ ਪਰ ਪੁਲੀਸ ਤੇ ਪੰਚਾਇਤ ਵਿਭਾਗ ਦੇ ਕੰਮ ਹਾਲੇ ਵੀ ਪਟਿਆਲਾ ਜ਼ਿਲ੍ਹੇ ਨਾਲ ਜੁੜ੍ਹੇ ਹੋਏ ਹਨ ਤੇ ਲੋਕਾਂ ਨੂੰ ਅੱਧੇ ਕੰਮਾਂ ਲਈ ਮੁਹਾਲੀ ਤੇ ਦੂਜੇ ਕੰਮਾਂ ਲਈ ਪਟਿਆਲਾ ਜਾਣਾ ਪੈਂਦਾ ਹੈ। 7 ਜਨਵਰੀ ਨੂੰ ਰਾਜਪੁਰਾ ’ਚ ਰੈਲੀ ਦੌਰਾਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸ ਸਮੇਂ ਦੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੰਗ ’ਤੇ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ ਸੀ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਪੱਤਰ ਨੰਬਰ 25 ਤਹਿਤ 8-1-2022 ਨੂੰ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ, ਇਸ ’ਚ 32 ਪਿੰਡਾਂ, ਇੱਕ ਫ਼ੀਲਡ ਕਾਨੂੰਗੋਈ ਤੇ ਦਸ ਪਟਵਾਰ ਸਰਕਲਾਂ ਨੂੰ ਸ਼ਾਮਲ ਕਰਨ ਦੀ ਤਜਵੀਜ਼ ਭੇਜੀ ਸੀ। ਡੀਸੀ ਵੱਲੋਂ ਪੱਤਰ ਦੀ ਕਾਪੀ ਡਾਇਰੈਕਟਰ ਭੋਂ ਰਿਕਾਰਡ ਪੰਜਾਬ, ਜਲੰਧਰ ਤੇ ਰੂਪਨਗਰ ਮੰਡਲ ਦੇ ਕਮਿਸ਼ਨਰ ਨੂੰ ਵੀ ਭੇਜੀ ਸੀ ਪਰ ਇਸ ਤੋਂ ਅਗਲੇ ਦਿਨ 9 ਜਨਵਰੀ ਨੂੰ ਪੰਜਾਬ ’ਚ ਚੋਣ ਜ਼ਾਬਤਾ ਲੱਗਣ ਕਾਰਨ ਮਾਮਲਾ ਲਮਕ ਗਿਆ। ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਤੇ ਕਈ ਸਰਪੰਚਾਂ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਮੈਂਬਰਾਂ ਨੇ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਦੀ ਮੰਗ ਕੀਤੀ ਹੈ।
ਮਾਲ ਮੰਤਰੀ ਨੇ ਸਦਨ ਨੂੰ ਗੁੰਮਰਾਹ ਕੀਤਾ: ਸਾਬਕਾ ਵਿਧਾਇਕ
ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਬਨੂੜ ਸਬ ਡਿਵੀਜ਼ਨ ਸਬੰਧੀ ਦਿੱਤੇ ਉੱਤਰ ਨੂੰ ਗੁੰਮਰਾਹਕੁਨ ਦੱਸਿਆ। ਉਨ੍ਹਾਂ ਕਿਹਾ ਮੁਹਾਲੀ ਦੀ ਡੀਸੀਰ ਵੱਲੋਂ 8-1-2022 ਨੂੰ ਉੱਚ ਅਧਿਕਾਰੀਆਂ ਨੂੰ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਸਬੰਧੀ ਭੇਜੀ ਤਜਵੀਜ਼ ਦਾ ਪੱਤਰ ਵਿਖਾਉਂਦਿਆਂ ਕਿਹਾ ਕਿ ਮਾਲ ਮੰਤਰੀ ਵੱਲੋਂ ਤਜਵੀਜ਼ ਤੋਂ ਮੁਨਕਰ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇ ਇੱਕ ਦਿਨ ਚੋਣ ਜ਼ਾਬਤਾ ਬਾਅਦ ’ਚ ਲੱਗਦਾ ਤਾਂ ਬਨੂੜ ਸਬ ਡਿਵੀਜ਼ਨ ਬਣਾਉਣ ਸਬੰਧੀ ਤਤਕਾਲੀ ਸਰਕਾਰ ਨੇ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਪੰਜਾਬ ’ਚ ਕਾਂਗਰਸ ਸਰਕਾਰ ਆਉਣ ’ਤੇ ਬਨੂੜ ਨੂੰ ਪਹਿਲ ਦੇ ਆਧਾਰ ’ਤੇ ਸਬ ਡਿਵੀਜ਼ਨ ਬਣਾਇਆ ਜਾਵੇਗਾ।