ਰਾਜਿੰਦਰ ਕੁਮਾਰ
ਬਲੂਆਣਾ (ਅਬੋਹਰ), 12 ਫਰਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੂਹਰਲੀ ਕਤਾਰ ਦੇ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਸਿਸਟਮ ਵਿਚ ਸੁਣਵਾਈ ਆਪਣੇ ਆਪ ਨਹੀਂ ਹੁੰਦੀ, ਤਾਕਤ ਨਾਲ ਕਰਾਉਣੀ ਪੈਂਦੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਕਈ ਮੰਤਰੀਆਂ ਨੂੰ ਸੁਣਵਾਈ ਨਾ ਹੋਣ ’ਤੇ ਚੀਕਾਂ ਮਾਰਦੇ ਵੇਖਿਆ ਹੈ। ਉਹ ਅੱਜ ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਸੁਰਿੰਦਰਪਾਲ ਸਿੰਘ ਦੇ ਪਰਿਵਾਰ ਵੱਲੋਂ ਕਰਵਾਏ ਗਏ ਸਮਾਗਮ ਵਿਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ ਤਾਂ ਦੇਣੀ ਹੀ ਚਾਹੀਦੀ ਹੈ ਪਰ ਕੰਨੀ ਕਤਰਾਉਣ ਵਾਲਿਆਂ ਦੇ ਕੰਨ ਵੀ ਖਿੱਚਣੇ ਚਾਹੀਦੇ ਹਨ। ਚੋਣਾਂ ਦੌਰਾਨ ਵੋਟਰ ਦੀ ਤੁਲਨਾ ਇਕ ਵਕੀਲ ਦੇ ਰੂਪ ਵਿੱਚ ਕਰਦਿਆਂ ਜਾਖੜ ਨੇ ਕਿਹਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਵਕੀਲ ਇੱਕ ਵੋਟਰ ਹੈ। ਇਹ ਵਕੀਲ ਚੰਗੇ-ਮਾੜੇ ਦੀ ਪਛਾਣ ਬੜੀ ਸਿਆਣਪ ਨਾਲ ਕਰਨ ਵਿਚ ਸਮਰੱਥ ਹੈ। ਅਬੋਹਰ ਤੋਂ ਕਾਂਗਰਸੀ ਉਮੀਦਵਾਰ ਅਤੇ ਆਪਣੇ ਭਤੀਜੇ ਚੌਧਰੀ ਸੰਦੀਪ ਜਾਖੜ ਬਾਰੇ ਉਨ੍ਹਾਂ ਕਿਹਾ ਕਿ ਅਬੋਹਰ ਤੋਂ ਚੋਣ ਲੜ ਰਹੇ ਬਾਕੀ ਉਮੀਦਵਾਰ ਤਾਂ ਕੰਮ ਕਰਾਉਣ ਦਾ ਵਾਅਦਾ ਕਰ ਕੇ ਵੋਟ ਮੰਗਦੇ ਹਨ ਪਰ ਸੰਦੀਪ ਜਾਖੜ ਕੰਮ ਕਰਨ ਦੇ ਬਦਲੇ ਵੋਟ ਮੰਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਵਰ ਵਿੱਚ ਨਾ ਹੁੰਦੇ ਹੋਏ ਵੀ ਜਾਖੜ ਪਰਿਵਾਰ ਨੇ ਅਬੋਹਰ ਦੇ ਵਿਕਾਸ ਲਈ ਸਾਢੇ ਸੱਤ ਸੌ ਕਰੋੜ ਰੁਪਏ ਦੀਆਂ ਗਰਾਂਟਾਂ ਦਿਵਾਈਆਂ ਹਨ।