ਵਿਸ਼ਵ ਭਾਰਤੀ
ਚੰਡੀਗੜ੍ਹ, 26 ਮਈ
ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਮੁਹੱਈਆ ਕਰਾਉਣ ਲਈ ਇਸ ਵਾਰ ਦੋ ਕੰਪਨੀਆਂ ਨਾਲ ਕੀਤਾ ਗਿਆ ਸਮਝੌਤਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਸਰਕਾਰ ਵੱਲੋਂ ਮੰਗੇ ਗਏ ਟੈਂਡਰ ਵਿੱਚ ਮੁੰਬਈ ਤੇ ਗੁਜਰਾਤ ਦੀਆਂ ਦੋ ਵੱਖ-ਵੱਖ ਕੰਪਨੀਆਂ ਨੇ 65.52 ਰੁਪਏ ਦੀ ਰਕਮ ਭਰੀ ਸੀ, ਜਦਕਿ ਇਸ ਤੋਂ ਪਹਿਲਾਂ ਇਹੀ ਦਵਾਈ ਸਰਕਾਰ ਨੂੰ 60.82 ਰੁਪਏ ’ਚ ਮਿਲ ਰਹੀ ਸੀ। ਨਿਯਮਾਂ ਅਨੁਸਾਰ ਜੇਕਰ ਦੋ ਕੰਪਨੀਆਂ ਟੈਂਡਰ ਵਿੱਚ ਇੱਕ ਹੀ ਰਕਮ ਭਰਦੀਆਂ ਹਨ ਅਤੇ ਜੇਕਰ ਇਹ ਰਕਮ ਮੌਜੂਦਾ ਰਕਮ ਨਾਲੋਂ ਵੱਧ ਹੋਵੇ ਤਾਂ ਸਰਕਾਰ ਵੱਲੋਂ ਦੁਬਾਰਾ ਟੈਂਡਰ ਲਿਆ ਜਾਂਦਾ ਹੈ, ਪਰ ਇੱਥੇ ਪੰਜਾਬ ਸਟੇਟ ਸਿਸਟਮਜ਼ ਕਾਰਪੋਰੇਸ਼ਨ (ਪੀਐੱਚਐੱਸਸੀ) ਨੇ ਦੋਵੇਂ ਕੰਪਨੀਆਂ ਵੱਲੋਂ ਭਰੀ ਗਈ ਬਰਾਬਰ ਰਕਮ ਸਬੰਧੀ ਜਾਂਚ ਕਰਨ ਦੀ ਥਾਂ ਦੋਵਾਂ ਕੰਪਨੀਆਂ ਨਾਲ ਵਧੇ ਹੋਏ ਰੇਟ ਤਹਿਤ 31 ਮਾਰਚ 2022 ਨੂੰ ਅੱਧਾ-ਅੱਧਾ ਆਰਡਰ ਦੇਣ ਦਾ ਸਮਝੌਤਾ ਕਰ ਲਿਆ ਗਿਆ ਹੈ, ਜਿਸ ਨਾਲ ਹੁਣ ਸਰਕਾਰ ’ਤੇ ਸਾਲਾਨਾ ਚਾਰ ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸਮਝੌਤਾ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਸਮਝੌਤੇ ਤਹਿਤ ਕੰਪਨੀ ਵੱਲੋਂ ਸਰਕਾਰ ਨੂੰ ਦਵਾਈ ਦੇ 80 ਲੱਖ ਪੱਤੇ ਮੁਹੱਈਆ ਕਰਵਾਏ ਜਾ ਰਹੇ ਸਨ, ਜਿਨ੍ਹਾਂ ਦੀ ਕੀਮਤ 60.82 ਰੁਪਏ ਪ੍ਰਤੀ ਪੱਤਾ ਸੀ। ਇਸ ਵਾਰ ਕੀਤੇ ਗਏ ਸਮਝੌਤੇ ਤਹਿਤ ਸਰਕਾਰ ਨੂੰ ਇਹ ਪੱਤਾ 65.52 ਰੁਪਏ ਵਿੱਚ ਪੈ ਰਿਹਾ ਹੈ। ਇਸ ਤਰ੍ਹਾਂ ਨਵੇਂ ਸਮਝੌਤੇ ਤਹਿਤ ਸਰਕਾਰ ਨੂੰ ਹਰ ਪੱਤੇ ਪਿੱਛੇ 4.7 ਰੁਪਏ ਵਾਧੂ ਦੇਣੇ ਪੈ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਦਵਾਈ ਕੰਪਨੀਆਂ ਨਾਲ ਸਮਝੌਤੇ ਕਰਨ ਦੀ ਪ੍ਰਕਿਰਿਆ ਨੂੰ ਸੰਭਾਲਦੇ ਆ ਰਹੇ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਕੰਪਨੀਆਂ ਇਕ ਹੀ ਰਕਮ ਭਰਨ ਅਤੇ ਉਹ ਰਕਮ ਮੌਜੂਦਾ ਰਕਮ ਨਾਲੋਂ ਵੱਧ ਹੋਵੇ ਤਾਂ ਨਿਯਮਾਂ ਅਨੁਸਾਰ ਸਰਕਾਰ ਦੁਬਾਰਾ ਟੈਂਡਰ ਭਰਵਾਉਂਦੀ ਹੈ। ਇਸ ਸਬੰਧੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਨੀਲਿਮਾ ਦਾ ਕਹਿਣਾ ਹੈ ਕਿ ਇਹ ਸਮਝੌਤਾ ਉਸ ਵੱਲੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੋਇਆ ਹੈ। ਇਸ ਲਈ ਉਹ ਇਸ ਸਬੰਧੀ ਕੋਈ ਵੀ ਦਸਤਾਵੇਜ਼ ਜਾਂਚੇ ਬਗੈਰ ਕੁਝ ਵੀ ਕਹਿਣ ਤੋਂ ਅਸਮਰੱਥ ਹਨ।
ਪੁਲੀਸ ਨੇ ਪੀਐੱਚਐੱਸਸੀ ਤੋਂ ਰਿਕਾਰਡ ਹਾਸਲ ਕੀਤੇ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਟੀਮ ਨੇ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀਐੱਚਐੱਸਸੀ) ਤੋਂ ਉਕਤ ਸਮਝੌਤੇ ਸਬੰਧੀ ਸਾਰੇ ਰਿਕਾਰਡ ਜ਼ਬਤ ਕਰ ਲਏ ਹਨ। ਸੂਤਰਾਂ ਅਨੁਸਾਰ ਪੁਲੀਸ ਵੱਲੋਂ ਇੰਜਨੀਅਰਿੰਗ ਵਿੰਗ, ਵਿਸ਼ੇਸ਼ ਤੌਰ ’ਤੇ ਸੁਪਰਡੈਂਟ ਇੰਜਨੀਅਰ ਰਾਜਿੰਦਰ ਸਿੰਘ ਵੱਲੋਂ ਕੀਤੇ ਹੋਏ ਪ੍ਰਾਜੈਕਟਾਂ ਸਬੰਧੀ ਰਿਕਾਰਡ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦੀ ਸ਼ਿਕਾਇਤ ਦੇ ਆਧਾਰ ’ਤੇ ਹੀ ਵਿਜੈ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਐੱਫਆਈਆਰ ਵਿੱਚ ਦਰਜ ਕੀਤੇ ਦੋਸ਼ਾਂ ਲਈ ਸਬੂਤ ਵਜੋਂ ਵਰਤੇ ਜਾਣਗੇ।
ਵਿਜੈ ਸਿੰਗਲਾ ਮਾਮਲੇ ’ਚ ਪੰਜਾਬ ਭਵਨ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਜ਼ਬਤ
ਐੱਸਏਐੱਸ ਨਗਰ (ਮੁਹਾਲੀ)(ਦਰਸ਼ਨ ਸਿੰਘ ਸੋਢੀ): ਇੱਥੇ ਅੱਜ ਜਾਂਚ ਟੀਮ ਨੇ ਪੰਜਾਬ ਭਵਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇੱਥੇ ਇੱਕ ਕਮਰੇ ਵਿੱਚ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਤੇ ਦੂਜੇ ਕਮਰੇ ’ਚ ਉਸ ਦਾ ਓਐੱਸਡੀ ਭਾਣਜਾ ਬੈਠ ਕੇ ਦਫ਼ਤਰੀ ਕੰਮ ਦੇਖਦੇ ਸਨ। ਇਹੀ ਨਹੀਂ ਪੁਲੀਸ ਨੇ ਸਿੰਗਲਾ ਅਤੇ ਪਰਦੀਪ ਦੇ ਮੋਬਾਈਲ ਫੋਨਾਂ ਦੀ ਪਿਛਲੇ ਦੋ ਮਹੀਨੇ ਦੀ ਕਾਲ ਡਿਟੇਲ ਇਕੱਠੀ ਕਰਕੇ ਤੇਜ਼ੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਂਜ ਹੁਣ ਤੱਕ ਸਾਬਕਾ ਮੰਤਰੀ ਅਤੇ ਓਐੱਸਡੀ ਦੇ ਜਿਨ੍ਹਾਂ ਨੇੜਲਿਆਂ ਬਾਰੇ ਪਤਾ ਲੱਗਿਆ ਹੈ, ਉਨ੍ਹਾਂ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਅੱਜ ਮੰਤਰੀ ਅਤੇ ਓਐੱਸਡੀ ਦੇ ਘਰ ਛਾਪੇ ਮਾਰਨ ਦਾ ਵੀ ਪਤਾ ਲੱਗਿਆ ਹੈ। ਸਿੰਗਲਾ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਨਸ਼ਾ ਛੁਡਾਊ ਕੇਂਦਰ ਸਬੰਧੀ ਕਥਿਤ ਘਪਲੇਬਾਜ਼ੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਂਜ ਇਸ ਮਾਮਲੇ ਵਿੱਚ ਸਿੰਗਲਾ ਦੇ ਇਕ ਹੋਰ ਰਿਸ਼ਤੇਦਾਰ ਸਮੇਤ ਇੱਕ ਦੰਦਾਂ ਦਾ ਡਾਕਟਰ ਅਤੇ ਦੋ ਹੋਰ ਜਾਣਕਾਰ ਵੀ ਸ਼ੱਕ ਦੇ ਘੇਰੇ ਵਿੱਚ ਹਨ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਸਿਹਤ ਵਿਭਾਗ ਦੇ ਹੋਰਨਾਂ ਉੱਚ ਅਧਿਕਾਰੀਆਂ ਸਮੇਤ ਸਬੰਧਤ ਠੇਕੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ।