ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਸਤੰਬਰ
ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰੇ ਦੇ ਕਿਵਾੜ ਬੰਦ ਕੀਤੇ ਜਾਣਗੇ। ਇਸ ਦੇ ਨਾਲ ਹੀ ਇਹ ਸਾਲਾਨਾ ਯਾਤਰਾ ਵੀ ਸਮਾਪਤ ਹੋ ਜਾਵੇਗੀ। ਕਰੋਨਾ ਕਾਲ ਦੇ ਦੋ ਸਾਲ ਦੇ ਅਰਸੇ ਤੋਂ ਬਾਅਦ ਇਸ ਵਰ੍ਹੇ ਇਹ ਯਾਤਰਾ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ। ਹੁਣ ਤਕ ਦੋ ਲੱਖ ਪੰਦਰਾਂ ਹਜ਼ਾਰ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ। ਯਾਤਰਾ ਦੀ ਸਮਾਪਤੀ ਤੱਕ ਸ਼ਰਧਾਲੂਆਂ ਦੀ ਗਿਣਤੀ ਢਾਈ ਲੱਖ ਤੱਕ ਪੁੱਜਣ ਦੀ ਸੰਭਾਵਨਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਵਾਰ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਦੱਸ ਅਕਤੂਬਰ ਤੱਕ ਚੱਲੇਗੀ। ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜੇ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨੀ ਹੈ ਤਾਂ ਉਹ ਇਸ ਸਬੰਧੀ ਪ੍ਰੋਗਰਾਮ ਦੱਸ ਅਕਤੂਬਰ ਤੱਕ ਹੀ ਬਣਾਉਣ। ਇਸ ਸਾਲ ਯਾਤਰਾ 22 ਮਈ ਨੂੰ ਆਰੰਭ ਹੋਈ ਸੀ।