ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਮਈ
ਮੋਗਾ ਪੁਲੀਸ ਨੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਨੇ ਭਗਤਾ ਭਾਈ ਦੇ ਡੇਰਾ ਪ੍ਰੇਮੀ, ਮੋਗਾ ਦੇ ਇੱਕ ਕੱਪੜਾ ਵਪਾਰੀ, ਜਲੰਧਰ ’ਚ ਪਾਦਰੀ ਦੀ ਹੱਤਿਆ ਤੇ ਫ਼ਿਰੌਤੀ ਤੇ ਹੋਰਨਾਂ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਮੁਲਜ਼ਮ ਪਿੰਡ ਡਾਲਾ ਦੇ ਵਸਨੀਕ ਹਨ ਅਤੇ ਇਸ ਪਿੰਡ ਦਾ ਅਰਸ਼ਦੀਪ ਨਾਮ ਦਾ ਗੈਂਗਸਟਰ ਕੈਨੇਡਾ ’ਚੋਂ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਸੀ।
ਪੁਲੀਸ ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਗੈਂਗਸਟਰ ਸੁੱਖਾ ਲੰਮੇ ਨੂੰ ਖ਼ੁਦ ਹੀ ਮਾਰ ਮੁਕਾਇਆ ਹੈ। ਖੇਤਰ ਵਿੱਚ ਉਸ ਦੀ ਦਹਿਸ਼ਤ ਵਧਣ ਕਾਰਨ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਉਸ ਦੀ ਪਛਾਣ ਲੁਕੋਣ ਲਈ ਉਸ ਦਾ ਮੂੰਹ ਸਾੜ ਦਿੱਤਾ ਅਤੇ ਧੌਣ ਵੱਢ ਕੇ ਲਾਸ਼ ਨਹਿਰ ਵਿੱਚ ਰੋੜ੍ਹ ਦਿੱਤੀ ਸੀ। ਲੋਕਾਂ ਵਿੱਚ ਉਸ ਦੀ ਦਹਿਸ਼ਤ ਕਾਰਨ ਉਸ ਦੀ ਹੱਤਿਆ ਮਗਰੋਂ ਵੀ ਉਹ ਉਸ ਦੇ ਨਾਮ ਉੱਤੇ ਅਮੀਰ ਲੋਕਾਂ ਤੇ ਹੋਰ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਡਰਾਉਂਦੇ ਰਹੇ। ਗਰੋਹ ਦਾ ਨਿਸ਼ਾਨਾ ਫ਼ਿਰੌਤੀ ਨਾ ਦੇਣ ਵਾਲੇ ਹਿੱਟ ਲਿਸਟ ’ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ।
ਇਹ ਗਰੋਹ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਤਲ ਕਰਦਾ ਸੀ। ਗਰੋਹ ਦੇ ਮੈਂਬਰ ਵੱਡੇ ਕਾਰੋਬਾਰੀਆਂ/ ਦੁਕਾਨਦਾਰਾਂ ਦੇ ਵੇਰਵੇ ਤੇ ਫੋਨ ਨੰਬਰ ਆਦਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਭੇਜ ਦਿੰਦੇ ਸਨ ਅਤੇ ਅੱਗੇ ਇਹ ਗੈਂਗਸਟਰ ਬਾਹਰਲੇ ਫੋਨ ਨੰਬਰਾਂ ਤੋਂ ਅਮੀਰਾਂ ਤੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਤੇ ਫਿਰੌਤੀ ਮੰਗਦੇ ਹਨ। ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਸੀਨੀਅਰ ਪੁਲੀਸ ਅਧਿਕਾਰੀ ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰਨਾਂ ਸਾਥੀਆਂ, ਪਨਾਹਗਾਰਾਂ ਤੇ ਉਨ੍ਹਾਂ ਦੇ ਨਿਸ਼ਾਨੇ ’ਤੇ ਕਿਹੜੇ ਵਿਅਕਤੀ ਸਨ, ਆਦਿ ਬਾਰੇ ਬਾਰੇ ਪੁੱਛ-ਪੜਤਾਲ ਕਰ ਰਹੇ ਹਨ। ਭਲਕੇ ਡੀਜੀਪੀ ਇਸ ਗਰੋਹ ਬਾਰੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਮੋਗਾ ਪੁਲੀਸ ਕਰੀਬ ਦੋ ਮਹੀਨੇ ਪਹਿਲਾਂ ਸੁੱਖਾ ਲੰਮੇ ਗਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।
ਜਥੇਦਾਰ ਵੇਦਾਂਤੀ ਨਮਿਤ ਅਰਦਾਸ ਸਮਾਗਮ ਭਲਕੇ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):
ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜੋ 15 ਮਈ ਨੂੰ ਚਲਾਣਾ ਕਰ ਗਏ ਸਨ, ਨਮਿੱਤ ਅਰਦਾਸ ਸਮਾਗਮ 24 ਮਈ ਨੂੰ ਸਥਾਨਕ ਤਰਨ ਤਾਰਨ ਰੋਡ ’ਤੇ ਸਥਿਤ ਗੁਰਦੁਆਰਾ ਸੰਗਰਾਣਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ 24 ਮਈ ਨੂੰ ਸਵੇਰੇ ਜਥੇਦਾਰ ਵੇਦਾਂਤੀ ਦੇ ਗ੍ਰਹਿ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਮਗਰੋਂ ਅਰਦਾਸ ਸਮਾਗਮ ਗੁਰਦੁਆਰਾ ਸੰਗਰਾਣਾ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਅਰਦਾਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪੁੱਜਣਗੀਆਂ।