ਪੱਤਰ ਪ੍ਰੇਰਕ
ਸਮਾਣਾ, 19 ਫਰਵਰੀ
ਇੱਥੇ ਅਗਰਵਾਲ ਗਊਸ਼ਾਲਾ ਦੇ ਮੁੱਖ ਦਰਵਾਜ਼ੇ ਅੱਗੇ ਬੀਤੇ ਦਿਨ ਮਿਲੀ ਬੰਬਨੁਮਾ ਵਸਤੂ ਨੇ ਸਮਾਣਾ ਪੁਲੀਸ ਅਤੇ ਆਮ ਲੋਕਾਂ ਨੂੰ ਪੂਰਾ ਦਿਨ ਵਖ਼ਤ ਪਾਈ ਰੱਖਿਆ ਪਰ ਦੇਰ ਰਾਤ ਜਲੰਧਰ ਤੋਂ ਪੁੱਜੀ ਬੰਬ ਨਕਾਰਾ ਕਰਨ ਵਾਲੀ ਟੀਮ ਨੇ ਜਾਂਚ ਪੜਤਾਲ ਮਗਰੋਂ ਸਪੱਸ਼ਟ ਕੀਤਾ ਕਿ ਇਹ ਕੋਈ ਬੰਬ ਨਹੀਂ, ਬਲਕਿ ਇੱਕ ਛੋਟਾ ‘ਟਾਈਮਪੀਸ’ ਸੀ, ਜਿਸ ਨੂੰ ਇਸ ਤਰ੍ਹਾਂ ਕਵਰ ਕੇ ਰੱਖਿਆ ਗਿਆ ਸੀ ਕਿ ਦੇਖਣ ਨੂੰ ਬੰਬ ਲੱਗੇ। ਦੱਸ ਦਈਏ ਕਿ ਬੀਤੇ ਦਿਨ ਸਮਾਣਾ ਭਾਖੜਾ ਨਹਿਰ ’ਤੇ ਸਥਿਤ ਅਗਰਵਾਲ ਗਊਸ਼ਾਲਾ ਦੇ ਮੁੱਖ ਦਰਵਾਜ਼ੇ ’ਤੇ ਚੋਰੀ ਦੇ ਮੋਟਰਸਾਈਕਲ ਦੇ ਬੈਗ ਵਿੱਚ ਇਹ ਬੰਬ ਪਿਆ ਸੀ, ਜਿਸ ਨੂੰ ਨੇੜਲੇ ਰੇਹੜੀ ਵਾਲੇ ਨੇ ਦੇਖਿਆ। ਉਸ ਨੇ ਤੁਰੰਤ ਇਸ ਦੀ ਸੂਚਨਾ ਅਗਰਵਾਲ ਗਊਸ਼ਾਲਾ ਕਮੇਟੀ ਨੂੰ ਦਿੱਤੀ, ਜਿਨ੍ਹਾਂ ਅੱਗੇ ਸਿਟੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੂੰ ਵੀ ਇਹ ਸ਼ੱਕੀ ਜਾਪਿਆ ਅਤੇ ਉਨ੍ਹਾਂ ਸੂਹੀਆ ਕੁੱਤਿਆਂ ਦੀ ਮਦਦ ਨਾਲ ਜਾਂਚ ਕਰਵਾਈ। ਇਸ ਮਗਰੋਂ ਪੂਰੇ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਬਦਲਦਿਆਂ ਆਵਾਜਾਈ ਵੀ ਹੋਰ ਰਸਤੇ ਤਬਦੀਲ ਕਰ ਦਿੱਤੀ। ਐੱਸਐੱਸਪੀ ਪਟਿਆਲਾ ਸਣੇ ਕਈ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਦੇਰ ਰਾਤ ਜਲੰਧਰ ਤੋਂ ਬੰਬ ਨਕਾਰਾ ਕਰਨ ਵਾਲੀ ਟੀਮ ਵੀ ਇੱਥੇ ਪੁੱਜ ਗਈ ਸੀ, ਜਿਸ ਨੇ ਜਾਂਚ ਮਗਰੋਂ ਸਪੱਸ਼ਟ ਕੀਤਾ ਕਿ ਇਹ ਨਕਲੀ ਬੰਬ ਹੈ, ਜਿਸ ਨੂੰ ਸਿਰਫ਼ ਦਹਿਸ਼ਤ ਫ਼ੈਲਾਉਣ ਦੇ ਮੰਤਵ ਨਾਲ ਇੱਥੇ ਰੱਖਿਆ ਗਿਆ ਸੀ। ਡੀਐੱਸਪੀ ਸਮਣਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਜਾਰੀ ਹੈ ਤੇ ਉਨ੍ਹਾਂ ਨੂੰ ਕੁਝ ਸਬੂਤ ਮਿਲੇ ਹਨ ਹਨ, ਜੋ ਮੁਲਜ਼ਮ ਤੱਕ ਪਹੁੰਚਣ ਵਿੱਚ ਸਹਾਈ ਹੋਣਗੇ।