ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜਨਵਰੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਯੋਜਨਾਬੱਧ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਸਿਆਸੀ ਜ਼ਮੀਨ ਤਿਆਰ ਕਰ ਲਈ ਹੈ| ਉਂਜ, ਇਹ ਸਾਫ਼ ਹੈ ਕਿ ਕਾਂਗਰਸ ਹਾਈਕਮਾਨ ਇਨ੍ਹਾਂ ਚੋਣਾਂ ’ਚ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਦੁਬਿਧਾ ਦੀ ਬੇੜੀ ਵਿਚ ਵੀ ਸਵਾਰ ਹੈ| ਰਾਹੁਲ ਗਾਂਧੀ ਨੇ ਅੱਜ ਜਲੰਧਰ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਪਰ ਸਾਫ਼ ਕੀਤਾ ਹੈ ਕਿ ਵਰਕਰਾਂ ਦੇ ਮਸ਼ਵਰੇ ਨਾਲ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ| ਪੰਜਾਬ ਚੋਣਾਂ 2022 ਲਈ ਕਾਂਗਰਸ ਦੀ ਇਹ ਪਹਿਲੀ ਆਨਲਾਈਨ ਰੈਲੀ ਸੀ ਜਿਸ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਕੀਤੀ ਹੈ| ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਹੈ ਜਿਸ ਕਰਕੇ ਕਾਂਗਰਸ ’ਤੇ ਵੀ ਦਬਾਅ ਬਣਨ ਲੱਗਾ ਹੈ| ਕਈ ਕੈਬਨਿਟ ਮੰਤਰੀ ਖੁੱਲ੍ਹੇਆਮ ਆਖ ਚੁੱਕੇ ਹਨ ਕਿ ਪਾਰਟੀ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਨਾਲ ਉੱਤਰੇ| ਇਨ੍ਹਾਂ ਸਿਆਸੀ ਹਾਲਾਤਾਂ ਵਿਚ ਰਾਹੁਲ ਗਾਂਧੀ ਨੇ ਅੱਜ ਦੀ ਫੇਰੀ ਮੌਕੇ ਧਰਾਤਲ ਤਿਆਰ ਕੀਤਾ ਹੈ| ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਰਾਹੁਲ ਗਾਂਧੀ ਨੇ ਅੱਜ ਆਪਣੇ ਭਾਸ਼ਣ ਵਿਚ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਗੱਲ ਆਖ ਕੇ ਵਿਰੋਧੀਆਂ ਦੀਆਂ ਸੁਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ| ਦੂਜਾ, ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਹਾਜ਼ਰੀ ਵਿਚ ਇੱਕ ਸਟੇਜ ਤੋਂ ਇਕੱਠੇ ਪੇਸ਼ ਕਰਕੇ ਆਗੂਆਂ ਦਰਮਿਆਨ ਏਕਤਾ ਅਤੇ ਸਭ ਅੱਛਾ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ| ਤੀਜਾ, ਰਾਹੁਲ ਗਾਂਧੀ ਨੇ ਅੱਜ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਜਨਤਕ ਤੌਰ ’ਤੇ ਵਚਨਬੱਧਤਾ ਲਈ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਬਾਰੇ ਹਾਈਕਮਾਨ ਦੇ ਫ਼ੈਸਲੇ ਦੀ ਪਾਲਨਾ ਕਰਨਗੇ| ਸੂਤਰ ਆਖਦੇ ਹਨ ਕਿ ਸਿਆਸੀ ਯੋਜਨਾਬੰਦੀ ਅਨੁਸਾਰ ਅੱਜ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਰੱਖੀ ਸੀ| ਹੁਣ ਕਾਂਗਰਸ ਲਈ ਇਹ ਵੱਡੀ ਦੁਬਿਧਾ ਹੈ ਕਿ ਅਗਰ ਉਹ ਚੰਨੀ ਨੂੰ ਚਿਹਰਾ ਐਲਾਨਦੀ ਹੈ ਤਾਂ ਜੱਟ ਸਿੱਖ ਵੋਟ ਦੀ ਨਾਰਾਜ਼ਗੀ ਦਾ ਡਰ ਹੈ| ਦੂਜੇ ਪਾਸੇ ਨਵਜੋਤ ਸਿੱਧੂ ਨੂੰ ਚਿਹਰਾ ਐਲਾਨੇ ਜਾਣ ਦੀ ਸੂਰਤ ਵਿਚ ਦਲਿਤ ਵੋਟ ਬੈਂਕ ਖੁੱਸਣ ਦਾ ਡਰ ਹੈ| ਇਸ ਤਰ੍ਹਾਂ ਦੀ ਸਥਿਤੀ ਵਿਚ ਹਾਈ ਕਮਾਨ ਸਿਆਸੀ ਦਬਾਅ ਹੇਠ ਹੈ|
ਕੇਂਦਰੀ ਲੀਡਰਸ਼ਿਪ ਵੱਲੋਂ ਹੁਣ ਤੱਕ ਪੰਜਾਬ ਚੋਣਾਂ ਸਾਂਝੀ ਕਮਾਨ ਹੇਠ ਲੜੇ ਜਾਣ ਦੀ ਗੱਲ ਆਖੀ ਜਾ ਰਹੀ ਸੀ ਅਤੇ ਅੱਜ ਪਹਿਲੀ ਵਾਰ ਕਾਂਗਰਸ ਨੇ ਇਸ ਪਾਸੇ ਵੱਲ ਇਸ਼ਾਰਾ ਕੀਤਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ| ਕਈ ਸਿਆਸੀ ਆਗੂ ਆਖਦੇ ਹਨ ਕਿ ਦੋ ਤਿੰਨ ਦਿਨਾਂ ਵਿਚ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋ ਸਕਦਾ ਹੈ ਅਤੇ ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਅਗਲੀ ਪੰਜਾਬ ਫੇਰੀ ਦੌਰਾਨ ਅਜਿਹਾ ਐਲਾਨ ਕਰ ਸਕਦੇ ਹਨ| ਰਾਹੁਲ ਗਾਂਧੀ ਨੇ ਅੱਜ ਚੰਨੀ ਅਤੇ ਸਿੱਧੂ ਦੋਹਾਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ|