ਪਾਲ ਸਿੰਘ ਨੌਲੀ
ਜਲੰਧਰ, 2 ਨਵੰਬਰ
ਗ਼ਦਰੀ ਬਾਬਿਆਂ ਦੇ ਮੇਲੇ ਦੀ ਨਾਟਕਾਂ ਭਰੀ ਸ਼ਾਮ, ਜ਼ਿੰਦਗੀ ਦੀ ਸਵੇਰ ਹੋ ਨਿੱਬੜੀ। ਸਰਕਾਰ ਦੇ ਹਨ੍ਹੇਰੇ ਵੱਲ ਧੱਕਦੇ ਫ਼ੈਸਲਿਆਂ ਦਾ ਬੋਝ ਝੱਲ ਰਹੇ ਲੋਕਾਂ ਨੂੰ ਨਾਟਕਾਂ ਦੀ ਸ਼ਾਮ ਨੇ ਜ਼ਿੰਦਗੀ ਦੀ ਸੂਹੀ ਸਵੇਰ ਦੇ ਦੀਦਾਰ ਕਰਵਾਏ।
ਸਵੇਰੇ 9 ਵਜੇ ਤੋਂ ਪੰਡਾਲ ਵਿੱਚ ਸਿਰ ਜੋੜ ਕੇ ਬੈਠੇ ਹਜ਼ਾਰਾਂ ਦਰਸ਼ਕ ਭਾਵੇਂ ਲੰਮੇ ਪੈਂਡੇ ਤੈਅ ਕਰ ਕੇ ਆਏ ਸਨ ਪਰ ਮੇਲੇ ਦੇ ਜੋਸ਼ ਕਾਰਨ ਉਹ ਨਾ ਅੱਕੇ ਤੇ ਨਾ ਥੱਕੇ। ਸਾਰਾ ਦਿਨ ਉਨ੍ਹਾਂ ਤਕਰੀਰਾਂ, ਕਵੀ ਦਰਬਾਰ, ਪੁਸਤਕਾਂ ਲੋਕ ਅਰਪਣ ਅਤੇ ਸੰਗੀਤ ਦੇ ਰੰਗਾਂ ਵਿੱਚ ਆਪਣੀ ਜ਼ਿੰਦਗੀ ਦੀ ਹੋਲੀ ਦੇ ਰੰਗ ਤੱਕੇ ਅਤੇ ਸ਼ਾਮ ਨੂੰ ਨਾਟ ਸੰਸਾਰ ਦੇ ਮੰਚਨ ਨਾਲ ਜੁੜੇ। ਉਹ ਗੰਭੀਰ ਮੰਥਨ ਨਾਲ ਜੁੜੇ। ਉਨ੍ਹਾਂ ਨਾਟ ਕਲਾ ਨੂੰ ਖੜ੍ਹੇ ਹੋ ਕੇ ਸਲਾਮ ਕਰ ਕੇ ਆਪਣੇ ਰੰਗ ਕਰਮੀਆਂ ਨੂੰ ਸਦਾ ਪਲਕਾਂ ’ਤੇ ਰੱਖਣ ਦਾ ਅਹਿਦ ਲਿਆ।
ਇਸੇ ਦੌਰਾਨ ਗੁਰਸ਼ਰਨ ਸਿੰਘ ਦੇ ਲਿਖੇ ਅਤੇ ਇਕਤਰ ਸਿੰਘ ਦੇ ਨਿਰਦੇਸ਼ਨ ਹੇਠ ਖੇਡੇ ਨਾਟਕ ‘ਖੂਹ ਦੇ ਡੱਡੂ’ ਨੇ ਮੌਕਾਪ੍ਰਸਤ ਸਿਆਸਤਦਾਨਾਂ ਉੱਪਰ ਤਿੱਖੇ ਵਿਅੰਗ ਕੱਸੇ। ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਨਾਟਕ ‘ਜੇ ਹੁਣ ਵੀ ਨਾ ਬੋਲੇ’ ਰਾਹੀਂ ਧਰਤੀ ਜਾਈਆਂ ਨੂੰ ਪਿੰਜਰੇ ਤੋੜ ਕੇ ਅੰਬਰ ਵੱਲ ਪਰਵਾਜ਼ ਭਰਨ ਦਾ ਸੁਨੇਹਾ ਦਿੱਤਾ ਗਿਆ। ਗੁਰਮੀਤ ਕੜਿਆਲਵੀ ਦੀ ਕਹਾਣੀ ’ਤੇ ਆਧਾਰਤ ਨਾਟਕ ‘ਮਦਾਰੀ’ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ’ਚ ਖੇਤੀ ਕਾਨੂੰਨਾਂ ਸਮੇਤ ਭਖ਼ਦੇ ਮੁੱਦਿਆਂ ਦੀ ਬਾਤ ਪਾ ਗਿਆ।
ਇਸ ਮੌਕੇ ਡਾ. ਸਵਰਾਜਬੀਰ ਦੀਆਂ ਰਚਨਾਵਾਂ ਅਤੇ ਵੱਖ-ਵੱਖ ਕਵੀਆਂ ਦੀਆ ਕਵਿਤਾਵਾਂ ’ਤੇ ਆਧਾਰਤ ਨਾਟਕ ‘ਅੱਗ ਦੀ ਜਾਈ ਦਾ ਗੀਤ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਇੱਕ ਵਾਰ ਫੇਰ ਹਾਥਰਸ ’ਚ ਦਲਿਤ ਧੀ ਦੀ ਲੁੱਟੀ ਆਬਰੂ ਦਿਖਾਉਂਦਿਆਂ ਕਲਾ ਦਾ ਬਿਹਤਰੀਨ ਨਮੂਨਾ ਹੋ ਨਿੱਬੜਿਆ। ਡਾ. ਸਾਹਿਬ ਸਿੰਘ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਰੰਗ ਕਰਮੀ ਦਾ ਬੱਚਾ’, ਕਲਾ ਕਿਰਤਾਂ, ਰੰਗ ਮੰਚ, ਲੋਕਾਂ ਅਤੇ ਲੋਕ ਘੋਲਾਂ ਦੀ ਸਾਂਝੀ ਨਿੱਘੀ ਬੁੱਕਲ ਦੀ ਲੋੜ ਦੇ ਮਹੱਤਵ ਨੂੰ ਲੋਕ ਮਨਾਂ ਉੱਪਰ ਉੱਕਰ ਗਿਆ।
ਜੋਗਿੰਦਰ ਬਾਹਰਲਾ ਦੀ ਕਲਮ ਤੋਂ 70 ਵਰ੍ਹੇ ਪਹਿਲਾਂ ਲਿਖਿਆ ਓਪੇਰਾ ‘ਹਾੜੀਆਂ, ਸਾਉਣੀਆਂ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੁੜ ਖੇਤਾਂ ਦੇ ਪੁੱਤਾਂ ਦੀ ਬਾਤ ਪਾ ਗਿਆ। ਮਾਸਟਰ ਰਾਮ ਕੁਮਾਰ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਨਵਦੀਪ ਧੌਲਾ, ਧਰਮਿੰਦਰ ਮਸਾਣੀ, ਨਰਗਿਸ ਅਤੇ ਅੰਮ੍ਰਿਤਪਾਲ ਬੰਗੇ ਬਠਿੰਡਾ ਵੱਲੋਂ ਮੇਲੇ ’ਚ ਪੇਸ਼ ਗੀਤਾਂ ਨੇ ਇੱਕ ਵਾਰ ਮੁੜ ਸਾਬਤ ਕਰ ਦਿੱਤਾ ਕਿ ਲੋਕ ਸਾਫ਼-ਸੁਥਰੀ ਅਤੇ ਜ਼ਿੰਦਗੀ ਦੀ ਗਾਇਕੀ ਨੂੰ ਕਿੰਨੀ ਮੁਹੱਬਤ ਕਰਦੇ ਹਨ। ਦਿਨ ਦੇ ਮੇਲੇ ਦਾ ਮੰਚ ਸੰਚਾਲਨ ਹਰਵਿੰਦਰ ਭੰਡਾਲ, ਨਾਟਕਾਂ ਦੀ ਸ਼ਾਮ ਦਾ ਸੰਚਾਲਨ ਅਮੋਲਕ ਸਿੰਘ ਨੇ ਕੀਤਾ।