ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ 19 ਨਵੰਬਰ ਨੂੰ ਮੁੜ ਜਲੰਧਰ ਵਾਲੇ ਦਫ਼ਤਰ ਤਲਬ ਕੀਤਾ ਹੈ। ਜਾਣਕਾਰੀ ਅਨੁਸਾਰ ਈਡੀ ਵੱਲੋਂ ਭੇਜੇ ਗਏ ਸੰਮਨਾਂ ਵਿੱਚ ਉਸ ਨੂੰ ਲੋੜੀਂਦੇ ਦਸਤਾਵੇਜ਼ ਲਿਆਉਣ ਨੂੰ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਸਿੰਘ ਨੂੰ 27 ਅਕਤੂਬਰ ਤੇ ਫਿਰ 6 ਨਵੰਬਰ ਨੂੰ ਤਲਬ ਕੀਤਾ ਸੀ ਪਰ ਪਹਿਲਾਂ ਰਣਇੰਦਰ ਸਿੰਘ ਨੇ ਆਪਣੇ ਵਕੀਲ ਜੈਵੀਰ ਸ਼ੇਰਗਿੱਲ ਰਾਹੀਂ ਈਡੀ ਦਫ਼ਤਰ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਓਲੰਪਿਕ ਖੇਡਾਂ ਲਈ ਹੋਣ ਵਾਲੀ ਮੀਟਿੰਗ ਵਿੱਚ ਜਾਣਾ ਹੈ। ਇਸੇ ਤਰ੍ਹਾਂ 6 ਨਵੰਬਰ ਦੀ ਪੇਸ਼ੀ ਮੌਕੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਰਣਇੰਦਰ ਸਿੰਘ ਨੂੰ ਬੁਖ਼ਾਰ ਹੈ ਤੇ ਊਸ ਦਾ ਕਰੋਨਾ ਟੈਸਟ ਹੋਇਆ ਹੈ ਪਰ ਉਦੋਂ ਇਹ ਕਿਹਾ ਗਿਆ ਸੀ ਕਿ ਅਜੇ ਰਿਪੋਰਟ ਨਹੀਂ ਆਈ ਪਰ ਡਾਕਟਰਾਂ ਨੇ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਹੈ।