ਪੱਤਰ ਪ੍ਰੇਰਕ
ਮਾਨਸਾ, 3 ਨਵੰਬਰ
ਇਥੇ ਡੇਰਾ ਸੱਚਾ ਸੌਦਾ ਸਿਰਸਾ ਦੇ ‘ਅਮਨਪੁਰਾ ਧਾਮ’ ਵਿੱਚ ਆਨਲਾਈਨ ਸਤਿਸੰਗ ਕਰਵਾਇਆ ਗਿਆ, ਜਿਸ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਸੰਗਤ ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਪ੍ਰਭਾਵ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਰੋਕਣ ਦੀ ਅਪੀਲ ਕੀਤੀ। ਸੰਗਤ ਦੀ ਅਪੀਲ ਨੂੰ ਕਬੂਲਦਿਆਂ ਡੇਰਾ ਮੁਖੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਅਤੇ ਮਾੜੀਆਂ ਅਲਾਮਤਾਂ ਨੂੰ ਛੇਤੀ ਖ਼ਤਮ ਕੀਤਾ ਜਾ ਸਕਦਾ ਹੈ। ਇਸ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤ ਪੁੱਜੀ। ਆਨਲਾਈਨ ਗੁਰੂਕੁਲ ਅਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡੇਰਾ ਮੁਖੀ ਵੱਲੋਂ ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਸੰਬੋਧਨ ਕੀਤਾ ਗਿਆ ਅਤੇ ਵੱਡੀ ਗਿਣਤੀ ’ਚ ਨਸ਼ਾ ਤੇ ਹੋਰ ਬੁਰਾਈਆਂ ਛੱਡਣ ਆਏ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ। ਗੁਰਮੀਤ ਰਾਮ ਰਹੀਮ ਸਿੰਘ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਕੌਂਸਲਰ, ਬੁਢਲਾਡਾ ਦੇ ਸੁਖ ਦੁਆ ਸਮਾਜ, ਬਾਸਕਟਬਾਲ ਦੇ ਖਿਡਾਰੀਆਂ ਅਤੇ ਇੱਕ ਪਿੰਡ ਦੀ ਪੰਚਾਇਤ ਵੱਲੋਂ ਪਿੰਡਾਂ ’ਚ ਵੱਧ ਰਹੇ ਨਸ਼ਿਆਂ ਦੇ ਕਹਿਰ ਨੂੰ ਰੋਕਣ ਲਈ ਜਦੋਂ ਡੇਰਾ ਸੱਚਾ ਸੌਦਾ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਰੂਪੀ ਦੈਂਤ ਨੂੰ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ, ਜਿਸ ਵੀ ਤਰ੍ਹਾਂ ਦੇ ਸਹਿਯੋਗ ਲਈ ਕਹਿਣਗੀਆਂ, ਸਾਰੀ ਸਾਧ-ਸੰਗਤ ਉਨ੍ਹਾਂ ਦੇ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਸਹੀ ਰਸਤੇ ਲਿਆਉਣ ਲਈ ਪੰਚਾਇਤਾਂ ਅਤੇ ਦੁਖੀ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਅਤੇ ਇਲਾਜ ਕਰਨ ਲਈ ਹਮੇਸ਼ਾ ਤਤਪਰ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਵੱਲੋਂ ਸਹੀ ਅਤੇ ਇਮਾਨਦਾਰੀ ਨਾਲ ਹੰਭਲਾ ਮਾਰਨ ਦੀ ਲੋੜ ਹੈ।