ਪਾਲ ਸਿੰਘ ਨੌਲੀ
ਜਲੰਧਰ, 20 ਦਸੰਬਰ
ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ 25ਵੇ ਦਿਨ ਵਿਚ ਪੁੱਜਣਾ ਭਾਜਪਾ ਅਤੇ ਮੋਦੀ ਸਰਕਾਰ ਦੇ ਮੱਥੇ ’ਤੇ ਅਸਫਲਤਾ ਦਾ ਕਲੰਕ ਹੈ। ਭਾਜਪਾ ਸਰਕਾਰ ਨੇ ਦੇਸ਼ ਦੀ ਨਿੱਜੀਕਰਨ ਰਾਹੀਂ ਦੂਰਸੰਚਾਰ ਬੀਐੱਸਐਨਐਲ, ਹਵਾਈ ਅੱਡੇ, ਪੋਰਟ, ਖਾਣਾਂ, ਬੈਂਕ- ਬੀਮਾ ਖੇਤਰ ਖੇਤਰ ਨੂੰ ਅੰਬਾਨੀ ਤੇ ਅਡਾਨੀ ਨੂੰ ਵੇਚ ਰਹੀ ਹੈ। ਭਾਜਪਾ ਸਰਕਾਰ ਨੇ ਹੁਣ ਤਾਜ਼ਾ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਤਬਾਹ ਕਰਨ ਤੇ ਦੇਸ਼ ਦੇ ਖੇਤਾਂ ਨੂੰ ਸਰਮਾਏਦਾਰਾਂ ਕੋਲ ਵੇਚਣ ਲਈ ਕਾਲੇ ਕਾਨੂੰਨਾਂ ਦਾ ਨਿਰਮਾਣ ਕੀਤਾ ਹੈ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਭਾਜਪਾ ਸਰਕਾਰ ਫਾਸ਼ੀਵਾਦੀ ਸੋਚ ਤਹਿਤ ਖਾਲਿਸਤਾਨ ਨਾਮ ਦੇ ਰਹੀ ਹੈ ਤਾਂ ਜੋ ਖਾਲਿਸਤਾਨ ਦਾ ਡਰ ਦਿਖਾਕੇ ਭਾਰਤ ਨੂੰ ਅੰਬਾਨੀਸਤਾਨ ਬਣਾ ਸਕੇ। ਬਸਪਾ ਤਿੰਨੋ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹੈ ਅਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ, ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਆਗੂ ਹਾਜ਼ਰ ਸਨ।