ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਦਸੰਬਰ
ਆਪਣੀ ਵਿਆਹ ਦੀ ਵਰ੍ਹੇਗੰਢ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੁੱਪ-ਚੁਪੀਤੇ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਸਥਿਤ ਪਿੰਡ ਸੈਫਦੀਪੁਰ ਵਿਚਲੇ ਸੁਣਨ ਤੇ ਬੋਲਣ ਤੋਂ ਅਸਮਰੱਥ ਬੱਚਿਆਂ ਦੇ ਸਕੂਲ ਵਿੱਚ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇੱਥੇ ਉਨ੍ਹਾਂ ਬੱਚਿਆਂ ਅਤੇ ਹੋਰਨਾਂ ਦੇ ਨਾਲ ਰਲ ਕੇ ਕੇਕ ਕੱਟਿਆ। ਉਪਰੰਤ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਸਕੱਤਰ ਕਰਨਲ ਕਰਮਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ 51 ਲੱਖ ਰੁਪਏ ਦਾ ਚੈੱਕ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਇੱਥੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਪਹੁੰਚੇ ਅਤੇ ਫਿਰ ਉੱਥੋਂ ਗੱਡੀਆਂ ਰਾਹੀਂ ਉਹ ਨਾਲ ਲੱਗਦੇ ਪਿੰਡ ਸੈਫਦੀਪੁਰ ਸਥਿਤ ਇਸ ਸਕੂਲ ਵਿੱਚ ਪਹੁੰਚੇ। ਇਸ ਪ੍ਰੋਗਰਾਮ ਨੂੰ ਮੀਡੀਆ ਸਣੇ ਹੋਰ ਆਮ ਲੋਕਾਂ ਤੋਂ ਵੀ ਗੁਪਤ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਸਮੇਤ 20 ਕੁ ਜਣੇ ਮੌਜੂਦ ਸਨ ਜਦ ਕਿ ਇਸ ਸਕੂਲ ਦੇ ਕਰੀਬ 200 ਬੱਚੇ ਹਾਜ਼ਰ ਸਨ। ਭਾਵੇਂ ਕੇ ਮੁੱਖ ਮੰਤਰੀ ਨੇ ਆਪਣੀ ਵਰ੍ਹੇਗੰਢ ਅੱਜ ਬੋਲਣ ਅਤੇ ਸੁਣਨ ਤੋਂ ਅਸਮਰੱਥ ਇਨ੍ਹਾਂ ਬੱਚਿਆਂ ਦੇ ਨਾਲ ਮਨਾਈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ। ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਸਕੂਲ ਦੀਆਂ ਜ਼ਰੂਰਤਾਂ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ ।