ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਾਰਚ
ਕੇਂਦਰ ਸਰਕਾਰ ਨੇ ਅਚਾਨਕ ਡੀਏਪੀ ਅਤੇ ਸੁਪਰ ਫਾਸਟਫੇਟ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਵੱਲੋਂ ਮਾਰਚ ਮਹੀਨੇ ਖਾਦ ਕੀਮਤਾਂ ’ਚ ਕੀਤੇ ਗਏ ਵਾਧੇ ਦਾ ਸਭ ਤੋਂ ਵੱਧ ਭਾਰ ਮਾਲਵਾ ਪੱਟੀ ਦੇ ਕਿਸਾਨਾਂ ਸਿਰ ਪਵੇਗਾ ਕਿਉਂਕਿ ਹਾੜੀ-ਸਾਉਣੀ ਦੌਰਾਨ ਇਨ੍ਹਾਂ ਖਾਦਾਂ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਹੁੰਦੀ ਹੈ। ਚੁੱਪ-ਚੁਪੀਤੇ ਵਧਾਏ ਭਾਅ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਖਾਦ ਡੀਲਰਾਂ ਨੇ ਅੱਜ ਹੀ ਕਿਸਾਨਾਂ ਨੂੰ ਖਾਦ ਦੇਣ ਤੋਂ ਪਾਸਾ ਵੱਟ ਲਿਆ ਹੈ।
ਮਾਨਸਾ ਸਥਿਤ ਮਾਰਕਫੈੱਡ ਦਫ਼ਤਰ ਤੋਂ ਪਤਾ ਲੱਗਿਆ ਹੈ ਕਿ ਜਿਹੜੀਆਂ ਖਾਦਾਂ ਦੇ ਭਾਅ ਵਧੇ ਹਨ, ਉਨ੍ਹਾਂ ਵਿੱਚ ਡੀਏਪੀ ਤੇ ਸੁਪਰ ਫਾਸਟਫੇਟ ਸ਼ਾਮਲ ਹਨ। ਸਰਕਾਰ ਨੇ ਅਜੇ ਤੱਕ ਯੂਰੀਆ, ਸਲਫਰ, ਜ਼ਿੰਕ ਦੇ ਭਾਅ ਨਾਲ ਛੇੜਛਾੜ ਨਹੀਂ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਖਾਦਾਂ ਦੇ ਇਹ ਭਾਅ ਸਰਕਾਰ ਨੇ ਅੰਦਰਖਾਤੇ ਇਸ ਤਰੀਕੇ ਵਧਾਏ ਹਨ ਕਿ ਇਨ੍ਹਾਂ ਦੀ ਅੱਜ ਦੁਪਹਿਰ ਤੱਕ ਬਾਹਰ ਭਾਫ਼ ਨਹੀਂ ਨਿਕਲਣ ਦਿੱਤੀ, ਇਥੋਂ ਤੱਕ ਕਿ ਖੇਤੀ ਲਈ ਜੁੜੇ ਸਭ ਤੋਂ ਅਹਿਮ ਮਹਿਕਮੇ ਖੇਤੀਬਾੜੀ ਵਿਭਾਗ ਨੂੰ ਵੀ ਅੱਜ ਸ਼ਾਮ ਤੱਕ ਇਨ੍ਹਾਂ ਨਵੀਆਂ ਕੀਮਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ।
ਜਾਣਕਾਰੀ ਅਨੁਸਾਰ ਹੁਣ ਵਿਦੇਸ਼ੀ ਡੀਏਪੀ ਖਾਦ ਦੀ ਇੱਕ ਬੋਰੀ ਦੀ ਕੀਮਤ 1850 ਰੁਪਏ ਹੋ ਗਈ ਹੈ, ਜਦੋਂ ਕਿ ਸਵਦੇਸੀ ਡੀਏਪੀ ਖਾਦ ਦਾ ਇੱਕ ਥੈਲਾ 1700 ਰੁਪਏ ਦਾ ਵਿਕੇਗਾ। ਪਤਾ ਲੱਗਿਆ ਹੈ ਕਿ ਸਹਿਕਾਰੀ ਸੁਸਾਇਟੀਆਂ ਵਿੱਚ ਜਾਣ ਵਾਲਾ ਪਹਿਲਾਂ ਮਾਲ 1200 ਰੁਪਏ ਦਾ ਲੱਗਿਆ ਤੇ ਹੁਣ ਨਵਾਂ ਮਾਲ 1750 ਰੁਪਏ ਹੈ। ਉਧਰ ਸੁਪਰ ਫਾਸਟਫੇਟ ਖਾਦ ਦੀ ਇੱਕ ਬੋਰੀ ਹੁਣ 425 ਰੁਪਏ ਤੋਂ ਵਧ ਕੇ 465 ਰੁਪਏ ਹੋਣ ਦੀ ਜਾਣਕਾਰੀ ਮਿਲੀ ਹੈ।
ਭਾਵੇਂ ਖਾਦ ਦੀਆਂ ਨਵੀਆਂ ਕੀਮਤਾਂ ਬਾਰੇ ਇੱਕ ਜ਼ਰੂਰੀ ਈ-ਮੇਲ ਮਾਰਕਫੈੱਡ ਅਤੇ ਇਫਕੋ ਦੇ ਕੇਂਦਰਾਂ ਵਿੱਚ ਹੀ ਆਈ ਹੈ ਪਰ ਮਾਨਸਾ ਦੇ ਕਈ ਪ੍ਰਾਈਵੇਟ ਡੀਲਰਾਂ ਕੋਲ ਪੁਰਾਣੇ ਭਾਅ ’ਤੇ ਪਈਆਂ ਖਾਦਾਂ ਦੀ ਸਪਲਾਈ ਕਿਸਾਨਾਂ ਲਈ ਅਚਾਨਕ ਅੱਜ ਸ਼ਾਮ ਨੂੰ ਹੀ ਬੰਦ ਕਰ ਦਿੱਤੀ ਗਈ।
ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਇਸ ਕਿਸਾਨ ਮਾਰੂ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨ ਦੀਆਂ ਪ੍ਰੇਸ਼ਾਨੀਆਂ ਵਧਾਉਣ ਵਾਸਤੇ ਖਾਦਾਂ ਦੀਆਂ ਕੀਮਤਾਂ ਵਧਾਉਣ ਵਾਲੇ ਪਾਸੇ ਤੁਰ ਪਈ ਹੈ।