ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਕਤੂਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਮਾਨਸਾ ਸੀਆਈਏ ਸਟਾਫ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਫਰਾਰ ਹੋਣ ਦੀ ਘਟਨਾ ਬਾਰੇ ਪੰਜਾਬ ਪੁਲੀਸ ਅਤੇ ‘ਸਿਟ’ ਨੇ ਇਸ ਪੂਰੇ ਮਾਮਲੇ ਵਿੱਚ ਚੁੱਪ ਧਾਰ ਲਈ ਹੈ। ਪੁਲੀਸ ਨੇ ਕਿਸੇ ਕਤਲ ਕੇਸ ਵਿੱਚ ਪੁੱਛ-ਪੜਤਾਲ ਲਈ ਗੋਇੰਦਵਾਲ ਦੀ ਜੇਲ੍ਹ ’ਚੋਂ ਮਾਨਸਾ ਸੀਆਈਏ ਸਟਾਫ ਪੁਲੀਸ ਰਿਮਾਂਡ ’ਤੇ ਲਿਆਂਦੇ ਟੀਨੂ ਦੇ ਦੌੜਨ ਬਾਰੇ ਵਿਭਾਗੀ ਤੌਰ ’ਤੇ ਮੂਸੇਵਾਲਾ ਦੇ ਪਰਿਵਾਰ ਨੂੰ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਇਸੇ ਕਰ ਕੇ ਪੰਜਾਬੀ ਗਾਇਕ ਦੇ ਮਾਪਿਆਂ ਨੇ ਕੱਲ੍ਹ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਕੋਲ ਕਿਹਾ ਸੀ ਕਿ ਹੁਣ ਪੁੱਤ ਦੇ ਕਤਲ ਵਿੱਚ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਬਚੀ ਹੈ।
ਭਾਵੇਂ ਕਿ ਪੁਲੀਸ ਨੇ ਮਾਮਲੇ ਵਿੱਚ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਜੇਲ੍ਹ ਭੇਜਣ ਦੇ ਨਾਲ-ਨਾਲ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਸਮੇਤ ਚਾਰ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ, ਪਰ ਮੂਸੇਵਾਲਾ ਦੇ ਮਾਪੇ ਟੀਨੂ ਦੇ ਫਰਾਰ ਹੋਣ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ।
ਇਸ ਸਬੰਧੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੀਪਕ ਟੀਨੂ ਨੂੰ ਭਜਾਉਣ ਲਈ ਲੁਧਿਆਣਾ ਦੇ ਜਿਹੜੇ ਜਿਮ ਮਾਲਕ ਸਮੇਤ ਫੜੇ ਗਏ ਤਿੰਨ ਹੋਰ ਜਣੇ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਾਜਿੰਦਰ ਸਿੰਘ ਉਰਫ਼ ਗੋਰਾ 19 ਅਕਤੂਬਰ ਤੱਕ ਮਾਨਸਾ ਪੁਲੀਸ ਦੇ ਰਿਮਾਂਡ ’ਤੇ ਹਨ, ਦੀ ਰਹਿਣੀ-ਬਹਿਣੀ ਅਤੇ ਗਤੀਵਿਧੀਆਂ ਨੂੰ ਘੋਖਣ ਦੇ ਨਾਲ-ਨਾਲ ਉਨ੍ਹਾਂ ਤੋਂ ਦੀਪਕ ਟੀਨੂ ਤੋਂ ਇਲਾਵਾ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਸਮੇਤ ਬਲੈਰੋ ਗਰੋਹ ਦੇ ਸਾਰੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਘੋਖ-ਪੜਤਾਲ ਕੀਤੀ ਜਾ ਰਹੀ ਹੈ। ਮਾਨਸਾ ਪੁਲੀਸ ਦੀਪਕ ਟੀਨੂ ਦੀ ਪ੍ਰੇਮਿਕਾ ਤੋਂ ਵੀ ਫਰਾਰੀ ਮਾਮਲੇ ਸਬੰਧੀ ਕਈ ਤਰ੍ਹਾਂ ਦੀਆਂ ਸੂਚਨਾਵਾਂ ਇਕੱਤਰ ਕਰਨ ਵਿੱਚ ਜੁੱਟੀ ਹੋਈ ਹੈ ਤਾਂ ਜੋ ਇਸ ਗੱਲ ਦਾ ਦਸਤਾਵੇਜ਼ੀ ਰਿਕਾਰਡ ਹਾਸਲ ਕੀਤਾ ਜਾ ਸਕੇ ਕਿ ਟੀਨੂ ਇਸ ਵੇਲੇ ਦੇਸ਼ ਵਿੱਚ ਹੈ ਜਾਂ ਦੇਸ਼ ਤੋਂ ਫਰਾਰ ਹੋ ਗਿਆ ਹੈ। ਉਧਰ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦੀਪਕ ਟੀਨੂ ਵਿਦੇਸ਼ ਨਹੀਂ ਜਾ ਸਕਿਆ।
ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਸਮੇਤ ਗ੍ਰਿਫ਼ਤਾਰ ਕੀਤੇ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਾਜਿੰਦਰ ਸਿੰਘ ਉਰਫ਼ ਗੋਰਾ ਨੂੰ ਭਲਕੇ ਮੰਗਲਵਾਰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹੋਰ ਵਧਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕੋਲੋਂ ਇਸ ਵੇਲੇ ਮਾਨਸਾ ਦੇ ਸੀਆਈਏ ਥਾਣੇ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।