ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੂਨ
ਬਰਨਾਤਵੀ ਹਾਈ ਕਮਿਸ਼ਨਰ ਅਲੈਗਜ਼ੈਂਡਰ ਏਲਿਸ ਤੇ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹ ਦੋ ਰੋਜ਼ਾ ਦੌਰੇ ’ਤੇ ਇਥੇ ਆਏ ਹੋਏ ਹਨ। ਸ੍ਰੀ ਦਰਬਾਰ ਸਾਹਿਬ ਪੁੱਜਣ ’ਤੇ ਉਨ੍ਹਾਂ ਨੂੰ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਰੋਪਾ, ਸ੍ਰੀ ਦਰਬਾਰ ਸਾਹਿਬ ਦੇ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਗੁਰੂਘਰ ਨਤਮਸਤਕ ਹੋਣ ਵੇਲੇ ਜਿਥੇ ਗੁਰਬਾਣੀ ਕੀਰਤਨ ਸਰਵਣ ਕੀਤਾ, ਉਥੇ ਹੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੇਵਾ ਕੀਤੀ। ਉਨ੍ਹਾਂ ਸਿੱਖਾਂ ਵੱਲੋਂ ਮਨੁੱਖਤਾ ਦੀ ਭਲਾਈ ਵਾਸਤੇ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਆਪਣੀ ਇਸ ਫੇਰੀ ਨੂੰ ਯਾਦਗਾਰੀ ਦੱਸਿਆ।