ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮੁਹਾਲੀ/ਮੰਡੀ ਗੋਬਿੰਦਗੜ੍ਹ, 17 ਸਤੰਬਰ
ਬਿਜਲੀ ਚੋਰੀ ਰੋਕਣ ਲਈ ਬਣਾਏ ਪੁਲੀਸ ਦੇ ਵਿਸ਼ੇਸ਼ ਦਸਤੇ ਦੇ ਹੌਲਦਾਰ ਹਰਪ੍ਰੀਤ ਸਿੰਘ ਤੇ ਉਸ ਦੇ ਇੱਕ ਸਾਥੀ ਕਰਮਜੀਤ ਸਿੰਘ ਉਰਫ਼ ਕੰਮਾ ਨੂੰ ਅੱਜ ਵਿਜੀਲੈਂਸ ਨੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।
ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਸਬੰਧ ਵਿੱਚ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਵਿਭਾਗ ਦੇ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਸੈਕਟਰ-20 ਏ ਦੇ ਵਸਨੀਕ ਤਰਲੋਚਨ ਸਿੰਘ ਪੁੱਤਰ ਅਵਤਾਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਹੌਲਦਾਰ ਹਰਪ੍ਰੀਤ ਸਿੰਘ ਨੇ ਪਾਵਰਕੌਮ ਦੇ ਅਧਿਕਾਰੀਆਂ ਨਾਲ ਉਸ ਦੇ ਘਰ 30 ਮਾਰਚ 2022 ਨੂੰ ਛਾਪਾ ਮਾਰਿਆ ਸੀ ਤੇ ਬਿਜਲੀ ਚੋਰੀ ਦਾ ਦੋਸ਼ ਲਾਇਆ ਸੀ। ਉਪਰੰਤ ਇਸ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਉਸ ਕੋਲੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ। ਉਸ ਵੱਲੋਂ ਮਿੰਨਤ ਕਰਨ ’ਤੇ ਸੌਦਾ ਪੰਜ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ, ਜਿਸ ਦੀ ਆਡੀਓ ਰਿਕਾਰਡਿੰਗ ਵੀ ਉਸ ਕੋਲ ਪਈ ਹੈ। ਇਸ ਮਗਰੋਂ 16 ਸਤੰਬਰ ਨੂੰ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਵਿਭਾਗ ਦੀ ਟੀਮ ਨੇ ਮੌਕੇ ’ਤੇ ਕਾਬੂ ਕਰ ਲਿਆ ਹੈ।