ਪੱਤਰ ਪ੍ਰੇਰਕ
ਜਲਾਲਾਬਾਦ, 28 ਦਸੰਬਰ
ਹਲਕਾ ਬੱਲੂਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਤੇ ਇਕ ਵਾਰ ਸੰਸਦੀ ਸਕੱਤਰ ਰਹਿ ਚੁੱਕੇ ਐਡਵੋਕੇਟ ਗੁਰਤੇਜ ਸਿੰਘ ਘੁੜਿਆਣਾ ਭਾਜਪਾ ’ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਬੱਲੂਆਣਾ ਤੋਂ ਪਾਰਟੀ ਵੱਲੋਂ ਨਵੇਂ ਚਿਹਰੇ ਹਰਦੇਵ ਸਿੰਘ ਮੇਘ ਨੂੰ ਚੋਣ ਉਮੀਦਵਾਰ ਵਜੋਂ ਮੁਕਾਬਲੇ ’ਚ ਉਤਾਰਿਆ ਗਿਆ ਹੈ। ਇਸ ਕਾਰਨ ਘੁੜਿਆਣਾ ਨਾਰਾਜ਼ ਚੱਲ ਰਹੇ ਸਨ। ਐਡਵੋਕੇਟ ਗੁਰਤੇਜ ਸਿੰਘ ਘੁੜਿਆਣਾ ਨੇ ਕਿਹਾ ਕਿ ਉਨ੍ਹਾਂ ਨੇ ਹਲਕਾ ਪਿਛਲੇ ਤੀਹ ਸਾਲ ਤੋਂ ਕਾਂਗਰਸ ਪਾਰਟੀ ਦੇ ਕਬਜ਼ੇ ਵਿੱਚੋਂ ਛੁਡਵਾ ਕੇ ਇੱਥੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਸੀ ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਇਸ ਵਾਰ ਫਿਰ ਟਿਕਟ ਨਾ ਦੇ ਕੇ ਉਨ੍ਹਾਂ ਦੀ ਕਾਬਲੀਅਤ ਦਾ ਮਜ਼ਾਕ ਉਡਾਇਆ ਗਿਆ ਹੈ।