ਚਰਨਜੀਤ ਭੁੱਲਰ
ਚੰਡੀਗੜ੍ਹ, 17 ਜੁਲਾਈ
ਵਿਜੀਲੈਂਸ ਬਿਊਰੋ ਨੇ ਜੰਗਲਾਤ ਘੁਟਾਲੇ ਸਬੰਧੀ ਹਰਿਆਣਾ ਵਿੱਚੋਂ ਇੱਕ ਬਿੰਦਰ ਸਿੰਘ ਨਾਂ ਦੇ ਵਿਚੋਲੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਟ੍ਰੀ ਗਾਰਡਾਂ ਦਾ ਕਮਿਸ਼ਨ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਤੱਕ ਪਹੁੰਚਾਉਂਦਾ ਸੀ। ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ-7 ਵਿੱਚ ਹੁਣ ਬਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਉਸ ਨੂੰ ਮੁਹਾਲੀ ਦੀ ਅਦਾਲਤ ਨੇ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਵੇਲੇ ਦਿੱਲੀ ਵਿੱਚ ਰਹਿ ਰਹੇ ਬਠਿੰਡਾ ਦੇ ਨਿਤਿਨ ਬਾਂਸਲ ਵੱਲੋਂ ਜੰਗਲਾਤ ਵਿਭਾਗ ਨੂੰ ਟ੍ਰੀ-ਗਾਰਡ ਸਪਲਾਈ ਕੀਤੇ ਜਾਂਦੇ ਸਨ।
ਪ੍ਰਾਪਤ ਵੇਰਵਿਆਂ ਅਨੁਸਾਰ ਨਿਤਿਨ ਬਾਂਸਲ ਕੋਲੋਂ ਪੁੱਛ ਪੜਤਾਲ ਦੌਰਾਨ ਹੀ ਵਿਚੋਲੇ ਬਿੰਦਰ ਸਿੰਘ ਦਾ ਭੇਤ ਖੁੱਲ੍ਹਿਆ ਹੈ। ਬਿੰਦਰ ਸਿੰਘ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਪਿੰਡ ਨਿਆਣਾ ਦਾ ਰਹਿਣ ਵਾਲਾ ਹੈ, ਜਿਸ ਦੇ ਸਹੁਰਾ ਪਰਿਵਾਰ ਨਾਲ ਨਿਤਿਨ ਬਾਂਸਲ ਦੀ ਜਾਣ-ਪਛਾਣ ਸੀ। ਨਿਤਿਨ ਬਾਂਸਲ ਵੱਲੋਂ 2400 ਰੁਪਏ ਪ੍ਰਤੀ ਟ੍ਰੀ-ਗਾਰਡ ਦੇ ਹਿਸਾਬ ਨਾਲ ਸਪਲਾਈ ਦਿੱਤੀ ਜਾਂਦੀ ਸੀ, ਜਿਸ ਵਿੱਚੋਂ ਇੱਕ ਹਜ਼ਾਰ ਰੁਪਏ ਕਮਿਸ਼ਨ ਵਜੋਂ ਰੱਖੇ ਜਾਂਦੇ ਸਨ। ਨਿਤਿਨ ਬਾਂਸਲ ਨੇ ਟ੍ਰੀ-ਗਾਰਡਾਂ ਦਾ ਕਰੀਬ 11 ਲੱਖ ਰੁਪਏ ਦਾ ਕਮਿਸ਼ਨ ਦਿੱਤਾ ਹੈ।
ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਨਿਤਿਨ ਬਾਂਸਲ ਵੱਲੋਂ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੂੰ ਸਿੱਧਾ ਕਮਿਸ਼ਨ ਦੇਣ ਦੀ ਥਾਂ ਬਿੰਦਰ ਸਿੰਘ ਦੀ ਲੜਕੀ ਦੇ ਬੈਂਕ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਂਦੇ ਸਨ। ਅੱਗਿਓਂ ਬਿੰਦਰ ਸਿੰਘ ਬੈਂਕ ਖਾਤੇ ਵਿੱਚੋਂ ਰਕਮ ਕਢਵਾ ਕੇ ਇਹ ਰਾਸ਼ੀ ਸਚਿਨ ਅਤੇ ਵਿਪਿਲ ਸਿੰਗਲਾ ਨੂੰ ਦੇ ਦਿੰਦਾ ਸੀ, ਜੋ ਕਿ ਗਿਲਜ਼ੀਆਂ ਦੇ ਨੇੜਲੇ ਸਨ। ਦੋ ਵਾਰ ਨਿਤਿਨ ਬਾਂਸਲ ਨੇ ਇਹ ਪੈਸੇ ਬਿੰਦਰ ਸਿੰਘ ਦੇ ਖਾਤੇ ਵਿੱਚ ਟਰਾਂਸਫ਼ਰ ਕੀਤੇ ਸਨ। ਵਿਜੀਲੈਂਸ ਕੋਲ ਹੁਣ ਬਿੰਦਰ ਸਿੰਘ ਦਾ 19 ਜੁਲਾਈ ਤੱਕ ਦਾ ਰਿਮਾਂਡ ਹੈ। ਵਿਜੀਲੈਂਸ ਦੇ ਡਰੋਂ ਜੰਗਲਾਤ ਅਫ਼ਸਰਾਂ ਨੇ ਅੰਦਰਖਾਤੇ ਨਵੇਂ ਟ੍ਰੀ-ਗਾਰਡ ਬਣਾ ਕੇ ਖਾਨਾਪੂਰਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਬਠਿੰਡਾ ਜ਼ਿਲ੍ਹੇ ਦੇ ਇੱਕ ਜੰਗਲਾਤ ਅਧਿਕਾਰੀ ਦੀ ਰਿਹਾਇਸ਼ ’ਤੇ ਲੰਘੇ ਦਿਨੀਂ ਛਾਪਾ ਮਾਰਿਆ ਸੀ, ਜਿੱਥੇ ਤਾਲਾ ਲਗਾ ਕੇ ਅੰਦਰ ਟ੍ਰੀ-ਗਾਰਡ ਤਿਆਰ ਕੀਤੇ ਜਾ ਰਹੇ ਸਨ।
ਵਿਜੀਲੈਂਸ ਬਠਿੰਡਾ ਦੇ ਡੀਐੱਸਪੀ ਨੇ ਇਸ ਸਬੰਧੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਹੈ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਵੇਂ ਟ੍ਰੀ-ਗਾਰਡ ਲੁਕ-ਛਿਪ ਕੇ ਕਿਉਂ ਤਿਆਰ ਕਰਵਾਏ ਜਾ ਰਹੇ ਸਨ। ਵਿਜੀਲੈਂਸ ਨੇ ਜੰਗਲਾਤ ਘੁਟਾਲੇ ਦੀ ਜਾਂਚ ਹੁਣ ਤੇਜ਼ ਕਰ ਦਿੱਤੀ ਹੈ ਕਿਉਂਕਿ ਵਿਜੀਲੈਂਸ ਨੇ 6 ਅਗਸਤ ਤੱਕ ਚਲਾਨ ਪੇਸ਼ ਕਰਨਾ ਹੈ। ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਵੱਲੋਂ ਹਾਲੇ ਤੱਕ ਕੋਈ ਭੇਤ ਨਹੀਂ ਖੋਲ੍ਹਿਆ ਜਾ ਰਿਹਾ ਹੈ ਅਤੇ ਉਹ ਜੰਗਲਾਤ ਦੇ ਇਸ ਕਾਰੋਬਾਰ ਤੋਂ ਆਪਣੇ-ਆਪ ਨੂੰ ਅਣਜਾਣ ਦੱਸ ਰਹੇ ਹਨ। ਵਿਜੀਲੈਂਸ ਨੂੰ ਪਤਾ ਲੱਗਿਆ ਸੀ ਕਿ ਸੰਗਤ ਸਿੰਘ ਗਿਲਜ਼ੀਆਂ ਦੇ ਲੜਕੇ ਤਾਂ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਭਤੀਜਾ ਦਲਜੀਤ ਸਿੰਘ ਹੀ ਜੰਗਲਾਤ ਵਿਭਾਗ ਦੇ ਕੰਮ ਦੇਖਦਾ ਹੁੰਦਾ ਸੀ।
ਜ਼ਿਲ੍ਹਾ ਜੰਗਲਾਤ ਅਫ਼ਸਰ ਸੰਗਰੂਰ ਨੇ ਵੀ ਧਾਰਾ 164 ਤਹਿਤ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਹਨ। ਸੂਤਰ ਦੱਸਦੇ ਹਨ ਕਿ ਇਸ ਅਧਿਕਾਰੀ ਨੇ ਸਾਫ਼ ਆਖ ਦਿੱਤਾ ਹੈ ਕਿ ਮੁੱਖ ਵਣਪਾਲ ਵੱਲੋਂ ਮੀਟਿੰਗਾਂ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੀ ਜਾਣ-ਪਛਾਣ ਦਲਜੀਤ ਸਿੰਘ ਨਾਲ ਕਰਵਾਈ ਜਾਂਦੀ ਰਹੀ ਹੈ। ਇੱਕ ਜੰਗਲਾਤ ਅਧਿਕਾਰੀ ਵੱਲੋਂ ਤਾਂ ਹੇਠਲੇ ਅਧਿਕਾਰੀਆਂ ਨੂੰ ਦਲਜੀਤ ਸਿੰਘ ਬਾਰੇ ਵੱਟਸਐਪ ਸੁਨੇਹੇ ਵੀ ਭੇਜੇ ਜਾਂਦੇ ਰਹੇ ਹਨ। ਵਿਜੀਲੈਂਸ ਇਨ੍ਹਾਂ ਸਾਰੇ ਸਬੂਤਾਂ ਨੂੰ ਇਕੱਠੇ ਕਰਨ ਵਿੱਚ ਜੁੱਟੀ ਹੋਈ ਹੈ।
ਦਲਜੀਤ ਸਿੰਘ ਗਿਲਜ਼ੀਆਂ ਨੂੰ ਮੁੜ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਮੁੜ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਜੀਲੈਂਸ ਅਨੁਸਾਰ ਦਲਜੀਤ ਗਿਲਜ਼ੀਆਂ ਦੀ ਮਰਸਿਡੀਜ਼ ਕਾਰ ਦੀ ਤਲਾਸ਼ੀ ਦੌਰਾਨ ਗਿਲਜ਼ੀਆਂ ਦੇ ਖਾਲੀ ਚੈੱਕ ਅਤੇ ਕੁਝ ਹੋਰ ਅਹਿਮ ਦਸਤਾਵੇਜ਼ ਮਿਲੇ ਹਨ। ਵਿਜੀਲੈਂਸ ਅਨੁਸਾਰ ਬਿੰਦਰ ਅਤੇ ਦਲਜੀਤ, ਠੇਕੇਦਾਰਾਂ ਕੋਲੋਂ ਪੈਸਿਆਂ ਦੀ ਵਸੂਲੀ ਲਈ ਦਲਾਲੀ ਦਾ ਕੰਮ ਕਰਦੇ ਸਨ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਉਹ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਪੈਸਿਆਂ ਦੇ ਲੈਣ-ਦੇਣ ਲਈ ਸਿਰਫ਼ ਵੱਟਸਐਪ ’ਤੇ ਗੱਲ ਕਰਦੇ ਸਨ। ਮੁਲਜ਼ਮਾਂ ਨੇ ਟ੍ਰੀ-ਗਾਰਡਾਂ ਦੀ ਖ਼ਰੀਦ ਸਬੰਧੀ ਪ੍ਰਤੀ ਟ੍ਰੀ-ਗਾਰਡ ਕਮਿਸ਼ਨ ਗਿਲਜ਼ੀਆਂ ਨੂੰ ਦੇਣ ਦੀ ਗੱਲ ਵੀ ਕਬੂਲੀ ਹੈ। ਜ਼ਿਕਰਯੋਗ ਹੈ ਕਿ ਸੰਗਤ ਸਿੰਘ ਗਿਲਜ਼ੀਆਂ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ।