ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਮਈ
ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਠੱਠੀ ਭਾਈ-ਸੇਖਾ ਕਲਾਂ ਦੇ ਵਾਸੀ ਪਿਛਲੇ ਲੰਮੇ ਸਮੇਂ ਤੋਂ ਕਰੀਬ 8 ਏਕੜ ਵਿੱਚ ਬਣੇ 52 ਪਿੰਡਾਂ ਨਾਲ ਸਬੰਧਤ 25 ਬੈੱਡਾਂ ਵਾਲਾ ਹਸਪਤਾਲ ਚਲਾਉਣ ਲਈ ਤਰਲੇ ਕੱਢ ਰਹੇ ਹਨ। ਕਰੋੜਾਂ ਰੁਪਏ ਦੀ ਮਸ਼ੀਨਰੀ ਤੇ ਇਮਾਰਤ ‘ਖਸਤਾ ਹਾਲ’ ਹੋ ਚੁੱਕੀ ਹੈ।
ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਤੇ ਪਿੰਡ ਠੱਠੀ ਭਾਈ ਦੇ ਸਰਪੰਚ ਰਾਮ ਸਿੰਘ ਲੋਧੀ ਨੇ ਕਰੀਬ ਦਹਾਕੇ ਤੋਂ ਬੰਦ ਪਏ ਹਸਪਤਾਲ ਦੇ ਨਵੀਨੀਕਰਨ ਲਈ 4 ਕਰੋੜ ਦਾ ਐਸਟੀਮੇਟ ਬਣਵਾ ਕੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਭੇਜਿਆ ਹੈ।
ਸਮਾਜ ਸੇਵੀ ਗੁਰਤੇਜ ਸਿੰਘ ਤੇ ਹੋਰ ਖੇਤਰ ਦੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਠੱਠੀ ਭਾਈ ਸਿਹਤ ਕੇਂਦਰ ਦਾ ਖੁਦ ਦੌਰਾ ਕਰ ਕੇ ਦੇਖਣ ਕਿ ਸਰਕਾਰੀ ਕੁਤਾਹੀ ਕਾਰਨ ਸੂਬੇ ਦਾ ਢਾਂਚਾ ਕਿਸ ਤਰ੍ਹਾਂ ਤਬਾਹ ਹੋ ਰਿਹਾ ਹੈ। ਇਸ ਸਿਹਤ ਕੇਂਦਰ ਅਧੀਨ ਪਿੰਡ ਮਾੜੀ ਮੁਸਤਫ਼ਾ ਪਿੰਡ ਵਿੱਚ ਕਾਲਾ ਪੀਲਾ ਤੇ ਹੋਰ ਕੈਂਸਰ ਕਾਰਨ ਅਨੇਕਾਂ ਮੌਤਾਂ ਕਾਰਨ ਵੀ ਇਹ ਹਸਪਤਾਲ ਸੁਰਖੀਆਂ ਵਿੱਚ ਆਇਆ ਪਰ ਹਸਪਤਾਲ ਚਾਲੂ ਕਰਨ ਜਾਂ ਦਸ਼ਾ ਸੁਧਾਰਨ ਲਈ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕ ਨਿਰਾਸ਼ ਹਨ। ਸਿਹਤ ਵਿਭਾਗ ਵੀ ਹਸਪਤਾਲ ਦੀ ਦਸ਼ਾ ਸੁਧਾਰਨ ਤੋਂ ਹੱਥ ਖੜ੍ਹੇ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਬਿਮਾਰੀਆਂ ਦੀ ਮਾਰ ਹੇਠ ਹੈ ਪਰ ਇਸ ਹਸਪਤਾਲ ਦੀ ਅਣਦੇਖੀ ਗਰੀਬ ਮਰੀਜ਼ਾਂ ਦੀ ਲੁੱਟ ਦਾ ਸਬੱਬ ਬਣ ਰਹੀ ਹੈ।