ਦਿਲਬਾਗ ਸਿੰਘ ਗਿੱਲ
ਅਟਾਰੀ, 27 ਜਨਵਰੀ
ਸੀਮਾ ਸੁਰੱਖਿਆ ਬਲ ਵੱਲੋਂ ਕੌਮਾਂਤਰੀ ਸਰਹੱਦ ਅਟਾਰੀ ’ਤੇ 72ਵਾਂ ਗਣਤੰਤਰ ਦਿਵਸ ਕੋਵਿਡ-19 ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਮਨਾਇਆ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਾਂਝੀ ਜਾਂਚ ਚੌਕੀ ਅਟਾਰੀ ਪੁੱਜਣ ’ਤੇ ਸ੍ਰੀ ਅਸਥਾਨਾ ਨੂੰ ਜਵਾਨਾਂ ਵੱਲੋਂ ‘ਗਾਰਡ ਆਫ ਆਨਰ’ ਦਿੱਤਾ ਗਿਆ। ਉਨ੍ਹਾਂ ਨੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਫ਼ਲਾਂ ਦੀ ਟੋਕਰੀ ਭੇਟ ਕੀਤੀ। ਬਤੌਰ ਡਾਇਰੈਕਟਰ ਜਨਰਲ ਕਾਰਜਭਾਰ ਸੰਭਾਲਣ ਮਗਰੋਂ ਸ੍ਰੀ ਅਸਥਾਨਾ ਪਹਿਲੀ ਵਾਰ ਸਾਂਝੀ ਜਾਂਚ ਚੌਕੀ ਅਟਾਰੀ ਪੁੱਜੇ ਸਨ।
ਇਸ ਮੌਕੇ ਸ੍ਰੀ ਅਸਥਾਨਾ ਨੇ ਕਿਹਾ ਕਿ ਸਰਹੱਦ ਪਾਰੋਂ ਜੋ ਘੁਸਪੈਠ ਅਤੇ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ, ਉਨ੍ਹਾਂ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਵੱਲੋਂ ਟੈਕਨਾਲੋਜੀ ’ਚ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੇਸ਼ ਦੀ ਸੁਰੱਖਿਆ ਲਈ ਵਚਨਬੱਧ ਹੈ। ਜੰਮੂ ਖੇਤਰ ਵਿੱਚ ਕੰਡਿਆਲੀ ਤਾਰ ਨੇੜਿਓਂ ਸੁਰੰਗ ਦਾ ਪਤਾ ਲੱਗਣ ਬਾਰੇ ਸ੍ਰੀ ਅਸਥਾਨਾ ਨੇ ਕਿਹਾ ਕਿ ਇਸ ਖੇਤਰ ਵਿੱਚ ਅਜਿਹੀਆਂ ਹੋਰ ਸੁਰੰਗਾਂ ਵੀ ਹੋ ਸਕਦੀਆਂ ਹਨ, ਜਿਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਇੰਸਪੈਕਟਰ ਜਨਰਲ ਪੰਜਾਬ ਫਰੰਟੀਅਰ ਮਹੀਪਾਲ ਯਾਦਵ ਅਤੇ ਡੀਆਈਜੀ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਪਾਇਆ।