ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਸਤੰਬਰ
ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿੱਢਣ ਲਈ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਚ ਸ਼ਹੀਦੀ ਸਮਾਰਕ ਸਾਹਮਣੇ ਖੜ੍ਹ ਕੇ ਏਕਤਾ ਦਾ ਅਹਿਦ ਕੀਤਾ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਅਧਿਆਪਕ ਏਕਤਾ ਕਮੇਟੀ ਦਾ ਗਠਨ ਕੀਤਾ ਗਿਆ। ਸੂਬਾ ਪੱਧਰੀ ਇਸ ਮੀਟਿੰਗ ਵਿਚ ਗਠਿਤ ਕੀਤੀ ਅਧਿਆਪਕ ਏਕਤਾ ਕਮੇਟੀ ਨੇ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪਹਿਲੀ ਅਕਤੂਬਰ ਨੂੰ ਜਲੰਧਰ ਵਿਚ ਏਕਤਾ ਕਨਵੈਨਸ਼ਨ ਕਰ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਐਲਾਨ ਕੀਤਾ। ਡੀ.ਟੀ.ਐਫ ਤੋਂ ਇਲਾਵਾ ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, 6060 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, 3582 ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਗਿਰ ਮੀਟਿੰਗ ਵਿਚ ਸ਼ਾਮਲ ਹੋਏ। 5178 ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਔਜਲਾ ਅਤੇ ਪਠਾਨਕੋਟ ਦੇ ਅਧਿਆਪਕ ਆਗੂ ਕੇਵਲ ਕੁਮਾਰ ਵੱਲੋਂ ਅਧਿਆਪਕ ਏਕਤਾ ਲਈ ਹਾਮੀ ਭਰਨ ਦੇ ਸੰਦੇਸ਼ ਵੀ ਮੀਟਿੰਗ ਵਿਚ ਪੜ੍ਹੇ ਗਏ। ਇਹ ਵੀ ਫ਼ੈਸਲਾ ਕੀਤਾ ਗਿਆ ਕਿ 23 ਸਤੰਬਰ ਨੂੰ ਆਪਸੀ ਤਾਲਮੇਲ ਕਰ ਕੇ ਸਾਂਝੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰ ਕੇ ਏਕਤਾ ਮੁਹਿੰਮ ਭਖਾਈ ਜਾਵੇਗੀ।