ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਫਰਵਰੀ
ਹੁਣ ਵਿਦਿਆਰਥੀਆਂ ਨੂੰ ਅਧਿਆਪਕ ਆਪਣੇ ਹਿਸਾਬ ਨਾਲ ਨਹੀਂ ਸਗੋਂ ਬੱਚਿਆਂ ਦੀ ਯੋਗਤਾ ਅਨੁਸਾਰ ਹੀ ਪੜ੍ਹਾਉਣਗੇ। ਇਸ ਲਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਟਾਟਾ ਸਮੂਹ ਨਾਲ ਸਮਝੌਤਾ ਕੀਤਾ ਹੈ। ਸੀਬੀਐੱਸਈ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੌਚਕ ਬਣਾਉਣ ਲਈ ਟਾਟਾ ਸਮੂਹ ਤੋਂ ਲੈਕਚਰ ਤੇ ਵੀਡੀਓਜ਼ ਵੀ ਤਿਆਰ ਕਰਵਾਏ ਹਨ, ਜਿਨ੍ਹਾਂ ਰਾਹੀਂ ਅਧਿਆਪਕਾਂ ਨੂੰ ਆਨਲਾਈਨ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੋਰਡ ਨੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ 20 ਮਾਰਚ ਤਕ ਇਹ ਸਿਖਲਾਈ ਮੁਕੰਮਲ ਕਰਨ ਤੇ ਸਕੂਲ ਮੁਖੀ ਇਸ ਸਬੰਧੀ 31 ਮਾਰਚ ਤਕ ਸੀਬੀਐੱਸਈ ਨੂੰ ਵਿਸਥਾਰਤ ਰਿਪੋਰਟ ਭੇਜਣ। ਇਹ ਵੀ ਪਤਾ ਲੱਗਾ ਹੈ ਕਿ ਇਸ ਪ੍ਰਾਜੈਕਟ ਨੂੰ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਤਿਆਰ ਕਰਵਾਇਆ ਗਿਆ ਹੈ, ਜਿਸ ਵਿੱਚ ਬੱਚਿਆਂ ਨੂੰ ਰੱਟੇ ਮਾਰਨ ਦੀ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਯਤਨ ਕੀਤੇ ਜਾਣਗੇ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਅਧਿਆਪਕ ਆਪਣੇ ਹਿਸਾਬ ਨਾਲ ਨਹੀਂ ਸਗੋਂ ਆਰਟ ਤੇ ਖੇਡਾਂ ਦੇ ਸੁਮੇਲ ਨਾਲ ਪੜ੍ਹਾਉਣਗੇ ਤਾਂ ਕਿ ਵਿਦਿਆਰਥੀ ਜਮਾਤਾਂ ਵਿੱਚ ਦਿਲ ਲਾ ਕੇ ਪੜ੍ਹਾਈ ਕਰ ਸਕਣ। ਸੀਬੀਐੱਸਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਧਿਆਪਕਾਂ ਨੂੰ ਕੰਪੀਟੈਂਸੀ ਬੇਸਡ ਐਜੂਕੇਸ਼ਨ ਲਈ ਤਿਆਰ ਕੀਤਾ ਜਾਵੇਗਾ। ਸੀਬੀਐੱਸਈ ਵੱਲੋਂ ਅਧਿਆਪਕਾਂ ਨੂੰ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਜਾਵੇਗਾ, ਜਿਸ ਲਈ ਅਧਿਆਪਕਾਂ ਨੂੰ ਚਾਰ ਪੜ੍ਹਾਵਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਸੀਬੀਐੱਸਈ ਦੇ ਅਧਿਕਾਰੀ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020 ਵਿੱਚ ਵੀ ਇਨ੍ਹਾਂ ਗੱਲਾਂ ’ਤੇ ਜ਼ੋਰ ਦਿੱਤਾ ਗਿਆ ਹੈ ਤਾਂ ਕਿ ਵਿਦਿਆਰਥੀ ਮੁਕਾਬਲੇਬਾਜ਼ੀ ਦੇ ਯੁੱਗ ਅਨੁਸਾਰ ਸਿੱਖਿਆ ਲੈ ਸਕਣ। ਅਧਿਆਪਕਾਂ ਨੂੰ ਦੀਕਸ਼ਾ ਐਪ ਅਪਲੋਡ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਚਾਰ ਮਾਡਿਊਲ ਹੋਣਗੇ ਤੇ ਇਹ ਸਵਾਲਾਂ ਜਵਾਬਾਂ ਦੇ ਮਾਧਿਅਮ ਰਾਹੀਂ ਅਧਿਆਪਕਾਂ ਤੋਂ ਸਵਾਲ ਪੁੱਛਣਗੇ, ਜਿਨ੍ਹਾਂ ਦੇ ਨਤੀਜਿਆਂ ਅਨੁਸਾਰ ਹੀ ਸਕੂਲ ਮੁਖੀ ਸੀਬੀਐੱਸਈ ਨੂੰ ਰਿਪੋਰਟ ਭੇਜਣਗੇ।
‘ਪ੍ਰੀਕਸ਼ਾ ਪੇ ਚਰਚਾ’ ਲਈ ਹਦਾਇਤਾਂ
ਸੀਬੀਐੱਸਈ ਨੇ ਸਕੂਲ ਮੁਖੀਆਂ ਨੂੰ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੀਕਸ਼ਾ ਪੇ ਚਰਚਾ ਦੇ ਚੌਥੇ ਅਡੀਸ਼ਨ ਬਾਰੇ ਮਾਰਚ ਦੇ ਤੀਜੇ ਹਫਤੇ ਆਨਲਾਈਨ ਸੰਬੋਧਨ ਕਰਨਗੇ ਜਿਸ ਲਈ ਦੇਸ਼ ਭਰ ਦੇ 2000 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਲਈ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ ਜਾਵੇਗਾ। ਐਨਸੀਈਆਰਟੀ ਵਲੋਂ ਵਿਦਿਆਰਥੀਆਂ ਦੇ 18 ਫਰਵਰੀ ਤੋਂ 14 ਮਾਰਚ ਤਕ ਮੁਕਾਬਲੇ ਕਰਵਾਏ ਜਾਣਗੇ।