ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਟੈਕਸ ਚੋਰੀ ਅਤੇ ਰਿਸ਼ਵਤਖ਼ੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਕਰ ਤੇ ਆਬਕਾਰੀ ਵਿਭਾਗ ਦੇ ਪੰਜ ਅਫ਼ਸਰਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਈਟੀਓ ਮੁਕਤਸਰ ਵਰੁਣ ਨਾਗਪਾਲ, ਈਟੀਓ ਫਰੀਦਕੋਟ ਸਤਪਾਲ ਮੁਲਤਾਨੀ, ਈਟੀਓ ਸ਼ੰਭੂ ਕਾਲੀ ਚਰਨ, ਈਟੀਓ ਅੰਮ੍ਰਿਤਸਰ ਜਪਸਿਮਰਨ ਸਿੰਘ, ਇੰਸਪੈਕਟਰ ਰਾਮ ਕੁਮਾਰ ਜਲੰਧਰ ਅਤੇ ਸ਼ਿਵ ਕੁਮਾਰ ਮੁਨਸ਼ੀ ਸੋਮਨਾਥ ਟਰਾਂਸਪੋਰਟ ਫਗਵਾੜਾ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ। ਇਸ ਸਬੰਧੀ ਵਿਜੀਲੈਂਸ ਵੱਲੋਂ ਕਰ ਤੇ ਆਬਕਾਰੀ ਵਿਭਾਗ ਦੇ 12 ਉੱਚ ਅਧਿਕਾਰੀਆਂ ਸਮੇਤ ਚਾਰ ਹੋਰਾਂ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਕੀਤੇ ਗਏ ਹਨ। ਬਚਾਅ ਪੱਖ ਦੇ ਵਕੀਲ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਵਿਜੀਲੈਂਸ ਆਬਕਾਰੀ ਅਫ਼ਸਰਾਂ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ।
ਏਆਈਜੀ ਅਸ਼ੀਸ਼ ਕਪੂਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਆਬਕਾਰੀ ਤੇ ਕਰ ਵਿਭਾਗ ਦੇ ਡੀਈਟੀਸੀ ਸਿਮਰਨ ਬਰਾੜ, ਵੇਦ ਪ੍ਰਕਾਸ਼ ਜਾਖੜ ਈਟੀਓ ਫਾਜ਼ਿਲਕਾ, ਸਤਪਾਲ ਮੁਲਤਾਨੀ ਈਟੀਓ ਫਰੀਦਕੋਟ, ਕਾਲੀ ਚਰਨ ਈਟੀਓ (ਮੋਬਾਈਲ ਵਿੰਗ) ਚੰਡੀਗੜ੍ਹ ਐਟ ਸ਼ੰਭੂ, ਵਰੁਣ ਨਾਗਪਾਲ ਈਟੀਓ ਮੁਕਤਸਰ, ਰਵੀਨੰਦਨ ਈਟੀਓ ਫਾਜ਼ਿਲਕਾ, ਪਿਆਰਾ ਸਿੰਘ ਈਟੀਓ ਮੋਗਾ ਅਤੇ ਵਿਜੈ ਕੁਮਾਰ ਪ੍ਰਾਸ਼ਰ ਵਾਸੀ ਆਦਰਸ਼ ਕਲੋਨੀ ਖੰਨਾ ਸ਼ਾਮਲ ਹਨ। ਦੂਜੇ ਮਾਮਲੇ ਵਿੱਚ ਸੁਸ਼ੀਲ ਕੁਮਾਰ ਈਟੀਓ ਅੰਮ੍ਰਿਤਸਰ (ਹੁਣ ਪਟਿਆਲਾ), ਦਿਨੇਸ਼ ਗੌੜ ਈਟੀਓ ਅੰਮ੍ਰਿਤਸਰ, ਜਪਸਿਮਰਨ ਸਿੰਘ ਈਟੀਓ ਅੰਮ੍ਰਿਤਸਰ, ਲਖਵੀਰ ਸਿੰਘ ਈਟੀਓ (ਮੋਬਾਈਲ ਵਿੰਗ) ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ, ਸੋਮਨਾਥ ਟਰਾਂਸਪੋਰਟਰ ਵਾਸੀ ਫਗਵਾੜਾ, ਸ਼ਿਵ ਕੁਮਾਰ ਮੁਨਸ਼ੀ (ਪ੍ਰਾਸ਼ਰ ਸੋਮਨਾਥ) ਅਤੇ ਪਵਨ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।
ਗੱਡੀਆਂ ਦੀ ਜਾਂਚ ਨਾ ਕਰਨ ’ਤੇ ਲੈਂਦੇ ਸੀ ਰਿਸ਼ਵਤ਼
ਏਆਈਜੀ ਨੇ ਦੱਸਿਆ ਕਿ ਵਿਜੀਲੈਂਸ ਨੂੰ ਸਾਧੂ ਟਰਾਂਸਪੋਰਟ ਦੇ ਮਾਲਕ ਸੋਮਨਾਥ ਵਾਸੀ ਫਗਵਾੜਾ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਟੈਕਸ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਸੀ। ਉਸ ਵੱਲੋਂ ਪੰਜਾਬ ਅੰਦਰ ਜਾਅਲੀ ਬਿੱਲਾਂ ਰਾਹੀਂ ਸਾਮਾਨ ਲਿਆਉਣ ਅਤੇ ਪੰਜਾਬ ਤੋਂ ਬਾਹਰ ਜਾਅਲੀ ਬਿੱਲਾਂ ਰਾਹੀਂ ਸਾਮਾਨ ਢੋਹਣ ਮੌਕੇ ਗੱਡੀਆਂ ਚੈਕਿੰਗ ਨਾ ਕਰਨ ਦੇ ਇਵਜ਼ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਅਫ਼ਸਰਾਂ ਨੂੰ ਦਿੱਤੀ ਜਾਂਦੀ ਸੀ। ਇਸ ਗੋਰਖਧੰਦੇ ਵਿੱਚ ਸ਼ਾਮਲ ਪਵਨ ਕੁਮਾਰ ਕਈ ਈਟੀਓਜ਼ ਨਾਲ ਬਤੌਰ ਡਰਾਈਵਰ ਕੰਮ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਨਾਥ ਮਾਲਕ ਸਾਧੂ ਟਰਾਂਸਪੋਰਟ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਸ਼ੰਭੂ ਵਿਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਹੀਨੇ ਵਜੋਂ ਲੱਖਾਂ ਰੁਪਏ ਰਿਸ਼ਵਤ ਦਿੰਦਾ ਸੀ।