ਪਰਮਜੀਤ ਸਿੰਘ
ਫਾਜ਼ਿਲਕਾ, 24 ਜਨਵਰੀ
ਕਿਸਾਨੀ ਅੰਦੋਲਨ ਦੌਰਾਨ ਆਪਣੀ ਇਤਰਾਜ਼ਯੋਗ ਸ਼ਬਦਾਵਲੀ ਕਾਰਨ ਵਿਵਾਦਾਂ ਵਿੱਚ ਰਹਿਣ ਵਾਲੇ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਇਕ ਵਾਰ ਫਿਰ ਮਾੜੀ ਬੋਲ ਬਾਣੀ ਕਰਕੇ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਨ੍ਹਾਂ ਕਿਸੇ ਨੂੰ ਮਾੜਾ ਕਹਿਣ ਦੀ ਥਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਸਮੇਂ ਤੈਸ਼ ’ਚ ਆ ਕੇ ਕਥਿਤ ਤੌਰ ’ਤੇ ਖੁ਼ਦ ਨੂੰ ਹੀ ਗਾਲ੍ਹ ਕੱਢ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਚੋਣ ਜਲਸੇ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਇਹ ਗੱਲ ਕਹਿ ਰਿਹਾ ਹੈ ਕਿ ਉਨ੍ਹਾਂ (ਜਿਆਣੀ) ਕੁਝ ਨਹੀਂ ਕੀਤਾ ਸਗੋਂ ਉਨ੍ਹਾਂ ਆਪਣੀ ਸਰਕਾਰ ਦੌਰਾਨ ਹੀ ਸਾਰਾ ਵਿਕਾਸ ਕਰਵਾਇਆ ਹੈ। ਇਹ ਸੁਣਦਿਆਂ ਹੀ ਜਿਆਣੀ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਗਾਲ੍ਹ ਕੱਢਦਿਆਂ ਕਿਹਾ, ‘ਅਸੀਂ ਉਥੇ ਨੌਕਰ ਲੱਗੇ ਹੋਏ ਸੀ ਕਿ।’ ਇਸ ਸਬੰਧੀ ਜਦੋਂ ਅਕਾਲੀ ਦਲ ਦੇ ਫਾਜ਼ਿਲਕਾ ਤੋਂ ਉਮੀਦਵਾਰ ਹੰਸ ਰਾਜ ਜੋਸਨ ਨਾਲ ਪੰਜਾਬੀ ਟ੍ਰਿਬਿਊਨ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਿਆਣੀ ਖ਼ਿਲਾਫ਼ ਕੁਝ ਵੀ ਬੋਲਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਉਸ ਦੀ ਜ਼ੁਬਾਨ ਹੈ, ਉਹ ਕੁਝ ਵੀ ਬੋਲ ਸਕਦੇ ਹਨ।
ਕਿਸਾਨਾਂ ਤੇ ਨੌਜਵਾਨਾਂ ਵੱਲੋਂ ਜਿਆਣੀ ਦਾ ਵਿਰੋਧ
ਫਾਜ਼ਿਲਕਾ ਤੋਂ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੂੰ ਅੱਜ ਇੱਥੋਂ ਦੇ ਪਿੰਡ ਗੰਜੂਆਣਾ ਹਸਤਾ ’ਚ ਕਿਸਾਨਾਂ ਅਤੇ ਨੌਜਵਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਪਿੰਡ ਵਿਚ ਚੋਣ ਪ੍ਰਚਾਰ ਕਰਨ ਮੌਕੇ ਕਿਸਾਨਾਂ ਅਤੇ ਨੌਜਵਾਨਾਂ ਨੇ ਜਿਆਣੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਅੱਗੇ ਤੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਹਰ ਪਿੰਡ ਵਿੱਚ ਭਾਜਪਾ ਆਗੂ ਜਿਆਣੀ ਦਾ ਵਿਰੋਧ ਕੀਤਾ ਜਾਵੇਗਾ। ਇਸ ’ਤੇ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਜਦੋਂ ਕਿਸਾਨ ਆਪਣਾ ਰਾਜਸੀ ਫਰੰਟ ਬਣਾ ਕੇ ਚੋਣ ਲੜ ਰਹੇ ਹਨ ਤਾਂ ਫਿਰ ਉਨ੍ਹਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ।