ਐੱਨ.ਪੀ.ਧਵਨ
ਪਠਾਨਕੋਟ, 2 ਸਤੰਬਰ
ਕਰੋਨਾ ਮਹਾਮਾਰੀ ਦੇ ਔਖੇ ਸਮੇਂ ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੈਂਬਰ ਅਤੇ ਫਿਲਮੀ ਅਦਾਕਾਰ ਸੰਨੀ ਦਿਓਲ ਵੱਲੋਂ ਲਗਾਤਾਰ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਹਲਕੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਸਬੰਧੀ ਕੰਮ ਕੀਤਾ ਜਾ ਰਿਹਾ ਹੈ। ਸੰਨੀ ਦਿਓਲ ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਵਿਆਹ ਦੀ ਆਸਥਾ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਦੱਸਿਆ ਕਿ ਇਤਿਹਾਸਕ ਸ਼ਹਿਰ ਬਟਾਲਾ ਦੇ ਗੁਰਦੁਆਰਾ ਕੰਧ ਸਾਹਿਬ ’ਚ ਉਨ੍ਹਾਂ ਦਾ ਵਿਆਹ ਹੋਇਆ ਸੀ। ਇਸ ਕਰਕੇ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ਨੂੰ ਫਤਹਿਗੜ੍ਹ ਚੂੜੀਆਂ ਅਤੇ ਇਤਿਹਾਸਕ ਸ਼ਹਿਰ ਬਟਾਲਾ ਨਾਲ ਜੋੜਿਆ ਜਾਵੇ। ਉਨ੍ਹਾਂ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ ਵਾਲੇ ਰਾਹ ਊੱਤੇ ਪੈਂਦੇ ਪੁਲ ਅਤੇ ਮਕੌੜਾ ਪੱਤਣ ਦੇ ਪੁਲ ਦਾ ਨਿਰਮਾਣ ਵੀ ਕਰਵਾਇਆ ਜਾਵੇ। ਇਸ ਦੇ ਇਲਾਵਾ ਚੱਕੀ ਤੋਂ ਕਟੋਰੀ ਬੰਗਲਾ ਹਾਈਵੇਅ ਦਾ ਵੀ ਨਵੀਨੀਕਰਨ ਕੀਤਾ ਜਾਵੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੰਸਦ ਮੈਂਬਰ ਸੰਨੀ ਦਿਓਲ ਦੀ ਮੰਗ ਨੂੰ ਮੰਨਦੇ ਹੋਏ ਦਿੱਲੀ-ਕੱਟੜਾ ਐਕਸਪ੍ਰੈਸ ਰੋਡ ਨੂੰ ਫਤਹਿਗੜ੍ਹ ਚੂੜੀਆਂ ਅਤੇ ਇਤਿਹਾਸਕ ਸ਼ਹਿਰ ਬਟਾਲਾ ਨਾਲ ਜੋੜਨ ਲਈ ਹਰਚੋਵਾਲ ਤੋਂ ਸਰਵੇ ਕਰਵਾਉਣ ਲਈ 207. 50 ਲੱਖ ਰੁਪਏ ਦੀ ਮਨਜ਼ੂਰੀ ਦੇ ਕੇ ਸਬੰਧਤ ਵਿਭਾਗ ਨੂੰ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਬਾਕੀ ਕੰਮਾਂ ਦਾ ਨਿਰਮਾਣ ਕਾਰਜ ਵੀ ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਹ ਜਾਣਕਾਰੀ ਸੰਨੀ ਦਿਓਲ ਦੇ ਨਿਜੀ ਸਕੱਤਰ ਪੰਕਜ ਜੋਸ਼ੀ ਨੇ ਦਿੱਤੀ।