ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਟਕਾ ਚੌਕ ’ਤੇ ਪਿਛਲੇ ਪੰਜ ਮਹੀਨਿਆਂ ਤੋਂ ਖੇਤੀ ਕਾਨੂੰਨੀ ਵਿਰੁੱਧ ਮੋਰਚਾ ਲਾਈ ਬੈਠੇ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕਰਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਹੱਕ ’ਚ ਇਕੱਲੇ ਹੀ ਰਾਜਧਾਨੀ ਵਿੱਚ ਮੋਰਚਾ ਲਾਉਣ ਵਾਲੇ ਬਾਬਾ ਲਾਭ ਸਿੰਘ ਦਾ ਸੰਘਰਸ਼ ਸਮੁੱਚੇ ਲੋਕਾਂ ਲਈ ਪ੍ਰੇਰਨਾ, ਰਾਹ ਦਸੇਰਾ ਤੇ ਹੌਸਲਾ ਵਧਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਲਾਭ ਸਿੰਘ ਵੱਲੋਂ ਵਿੱਢਿਆ ਸੰਘਰਸ਼ ਨਿਸ਼ਕਾਮ ਤੇ ਨਿਰਸਵਾਰਥ ਸੇਵਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਬਾ ਲਾਭ ਸਿੰਘ ਦੇ ਵਿਲੱਖਣ ਰੋਸ ਪ੍ਰਦਰਸ਼ਨ ਬਾਰੇ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ ਨੇ ਇਸ ਸਬੰਧੀ ਚੱਲ ਰਹੇ ਸੰਸਦ ਦੇ ਸੈਸ਼ਨ ਦੌਰਾਨ ਉਨ੍ਹਾਂ ਦੀ ਵੀਡੀਓ ਦੇਖੀ। ਉਨ੍ਹਾਂ ਕਿਹਾ ਕਿ ਉਹ ਇਥੇ ਆ ਕੇ ਮਾਣ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਨ੍ਹਾਂ ਦਾ ਆਸ਼ੀਰਵਾਦ ਲੈਣ ਆਏ ਹਨ। ਸ੍ਰੀ ਬਾਦਲ ਨੇ ਕੁਝ ਸਮਾਂ ਬਜ਼ੁਰਗ ਵਿਖਾਵਾਕਾਰੀ ਨਾਲ ਬਿਤਾਇਆ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਵੀ ਗੱਲਬਾਤ ਕੀਤੀ। ਬਾਬਾ ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਯੂਟੀ ਪ੍ਰਸ਼ਾਸਨ ਚੌਕ ਤੋਂ ਪਾਸੇ ਕਰਨਾ ਚਾਹੁੰਦਾ ਸੀ ਪਰ ਉਹ ਆਪਣਾ ਧਰਨਾ ਜਾਰੀ ਰੱਖਣ ਵਾਸਤੇ ਦ੍ਰਿੜ੍ਹ ਹਨ।