ਪੱਤਰ ਪ੍ਰੇਰਕ
ਮੁਕੇਰੀਆਂ, 10 ਜੂਨ
ਕਿਸਾਨ ਜਥੇਬੰਦੀਆਂ ਨੇ ਖੰਡ ਮਿੱਲ ਮੁਕੇਰੀਆਂ ਵੱਲ ਖੜ੍ਹੇ ਕਰੀਬ 90 ਕਰੋੜ ਤੋਂ ਵੱਧ ਦੇ ਬਕਾਏ ਦੀ ਅਦਾਇਗੀ ਲਈ ਅੱਜ ਮੁਕੇਰੀਆਂ-ਜਲੰਧਰ ਕੌਮੀ ਮਾਰਗ ’ਤੇ ਸਥਿਤ ਮਿੱਲ ਦੇ ਗੇਟ ਸਾਹਮਣੇ ਧਰਨਾ ਲਗਾਇਆ। ਦੇਰ ਸ਼ਾਮ ਤੱਕ ਮਿੱਲ ਦੇ ਅਧਿਕਾਰੀਆਂ ਵੱਲੋਂ ਮੰਗਾਂ ਮੰਨੇ ਜਾਣ ਸਬੰਧੀ ਕੋਈ ਭਰੋਸਾ ਨਾ ਮਿਲਣ ’ਤੇ ਇਹ ਧਰਨਾ ਪੱਕੇ ਧਰਨੇ ਵਿੱਚ ਤਬਦੀਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਅੱਜ ਸਵੇਰੇ 11 ਵਜੇ ਪੱਗੜੀ ਸੰਭਾਲ ਲਹਿਰ ਤੇ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਇਥੇ ਇਕੱਤਰ ਹੋਏ ਕਿਸਾਨਾਂ ਨੇ ਮਿੱਲ ਦੇ ਗੇਟ ਸਾਹਮਣੇ ਧਰਨਾ ਲਗਾ ਕੇ ਮਿੱਲ ਦੇ ਅਧਿਕਾਰੀਆਂ ਨੂੰ ਅਦਾਇਗੀ ਸਬੰਧੀ ਫ਼ੈਸਲਾ ਕਰਨ ਲਈ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ। ਇਸ ਮਗਰੋਂ ਸਥਾਨਕ ਐੱਸਡੀਐੱਮ ਕੰਵਲਜੀਤ ਸਿੰਘ, ਡੀਐੱਸਪੀ ਪਰਮਜੀਤ ਸਿੰਘ ਤੇ ਐੱਸਐੱਚਓ ਹਰਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਿਸਾਨ ਆਗੂਆਂ ਦੀ ਮਿੱਲ ਦੇ ਮੁੱਖ ਗੰਨਾ ਪ੍ਰਬੰਧਕ ਸੰਜੇ ਸਿੰਘ ਨਾਲ ਮੀਟਿੰਗ ਕਰਵਾਈ ਗਈ, ਜਿਸ ਦੌਰਾਨ ਅਦਾਇਗੀ ਸਬੰਧੀ ਕੋਈ ਠੋਸ ਫ਼ੈਸਲਾ ਨਾ ਹੋਣ ’ਤੇ ਕਿਸਾਨਾਂ ਨੇ 3 ਵਜੇ ਕੌਮੀ ਮਾਰਗ ਜਾਮ ਕਰ ਦਿੱਤਾ।
ਇਸ ਮੌਕੇ ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਬਲਕਾਰ ਸਿੰਘ ਮੱਲ੍ਹੀ, ਅਵਤਾਰ ਸਿੰਘ ਬੌਬੀ ਤੇ ਧਰਮਿੰਦਰ ਸਿੰਘ ਸਿੰਬਲੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਦਾਇਗੀ ਲਈ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੀਆਂ ਹਨ, ਪਰ ਮਿੱਲ ਪ੍ਰਬੰਧਕਾਂ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਵਾਰ-ਵਾਰ ਸਿਰਫ਼ ਝੂਠਾ ਭਰੋਸਾ ਹੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ 2021-22 ਦੀ ਬਕਾਇਆ ਖੜ੍ਹੀ 90 ਕਰੋੜ ਰੁਪਏ ਦੀ ਰਾਸ਼ੀ ਦੀ ਅਦਾਇਗੀ ਨਹੀਂ ਹੋਈ ਹੈ ਤੇ ਸਰਕਾਰ ਵੱਲੋਂ ਮਿਲਣ ਵਾਲੀ 35 ਰੁਪਏ ਪ੍ਰਤੀ ਕੁਇੰਟਲ ਦੀ ਰਕਮ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ।
ਖੰਡ ਮਿੱਲ ਦੇ ਮੁੱਖ ਗੰਨਾ ਅਧਿਕਾਰੀ ਸੰਜੇ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਮਿੱਲ ਵਲੋਂ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੁਲ 85 ਕਰੋੜ ਰਕਮ ਬਕਾਇਆ ਹੈ ਤੇ ਉਹ ਰੋਜ਼ਾਨਾਂ ਇੱਕ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਰਹਿੰਦੀ ਰਕਮ ਵੀ 85 ਦਿਨਾਂ ਅੰਦਰ ਪਾ ਦਿੱਤੀ ਜਾਵੇਗੀ।