ਕਰਮਜੀਤ ਸਿੰਘ ਚਿੱਲਾ
ਬਨੂੜ, 11 ਜੂਨ
ਬਨੂੜ ਵਿੱਚ 120 ਕਰੋੜ ਦੀ ਲਾਗਤ ਨਾਲ ਸੱਤ ਏਕੜ ਥਾਂ ਵਿੱਚ ਬਣੀ ਕੇਂਦਰੀ ਫੁਟਵੀਅਰ, ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐੱਫਡੀਡੀਆਈ) ਵਿੱਚ ਚੱਲਦੇ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਵਿੱਚ ਪੰਜਾਬ ਦੇ ਵਿਦਿਆਰਥੀ ਕੋਈ ਦਿਲਚਸਪੀ ਨਹੀਂ ਲੈ ਰਹੇ। ਸੰਸਥਾ ਵਿੱਚ ਪੜ੍ਹ ਰਹੇ ਕਰੀਬ 230 ਵਿਦਿਆਰਥੀਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 25 ਹੈ। ਇੱਥੇ ਜ਼ਿਆਦਾਤਰ ਵਿਦਿਆਰਥੀ ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਬਿਹਾਰ ਦੇ ਹਨ। ਸੰਸਥਾ ਵਿੱਚ ਚੱਲ ਰਹੇ ਗਰੈਜੂਏਟ ਪੱਧਰ ਦੇ ਬੀਐੱਸਸੀ ਫੁਟਵੀਅਰ ਡਿਜ਼ਾਈਨ ਐਂਡ ਪ੍ਰੋਡਕਸ਼ਨ, ਬੀਐੱਸਸੀ ਰਿਟੇਲ ਐਂਡ ਫੈਸ਼ਨ, ਬੀਐੱਸਸੀ ਫ਼ੈਸ਼ਨ ਡਿਜ਼ਾਈਨ, ਬੀਬੀਏ ਰਿਟੇਲ ਅਤੇ ਪੋਸਟ ਗਰੈਜੂਏਟ ਪੱਧਰ ਦਾ ਐੱਮਬੀਏ ਰਿਟੇਲ ਦੇ ਕੋਰਸ ਚੱਲ ਰਹੇ ਹਨ। ਅਗਲੇ ਵਰ੍ਹੇ 2022 ਵਿੱਚ ਇੱਥੋਂ ਪਹਿਲਾ ਬੈਚ ਪਾਸ ਆਊਟ ਹੋਵੇਗਾ। ਸੰਸਥਾ ਦੇ ਅਧਿਕਾਰੀਆਂ ਵੱਲੋਂ ਇਸਦੀ ਸੌ ਫ਼ੀਸਦੀ ਪਲੇਸਮੈਂਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੰਸਥਾ ਦੇ ਮੁਖੀ ਅਵਿਨਾਸ਼ ਵਾਜਪਾਈ, ਮਨਿਕਾ ਵਰਮਾ, ਗੌਰਵ ਸਿੰਘ ਅਤੇ ਪ੍ਰਤੀਕ ਜੈਸਵਾਲ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ, ਹਰਿਆਣਾ ਅਤੇ ਟਰਾਈਸਿਟੀ ਦੇ ਵਿਦਿਆਰਥੀਆਂ ਨੂੰ ਇਸ ਸੰਸਥਾ ਤੋਂ ਲਾਹਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਿਚਲੇ ਕੋਰਸਾਂ ਵਿੱਚ ਦਾਖਲਿਆਂ ਲਈ 15 ਜੂਨ ਤੱਕ ਆਨਲਾਈਨ ਦਰਖ਼ਾਸਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਸੰਸਥਾ ਵਿਚਲੇ ਕੋਰਸਾਂ ਤੋਂ ਜਾਣੂ ਕਰਾਉਣ ਲਈ ਸਿੱਖਿਆ ਅਧਿਕਾਰੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਮੌਕੇ ਗੌਰੀ ਭਾਟੀਆ, ਅਜੈ ਸਹਾਏ, ਹਿਤੇਸ਼ ਮੌਜੂਦ ਸਨ।