ਰਵੇਲ ਸਿੰਘ ਭਿੰਡਰ
ਪਟਿਆਲਾ, 23 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਪੱਕਾ ਮੋਰਚਾ ਲਗਾਈ ਬੈਠੇ ਐੱਨਐੱਸਕਿਊਐੱਫ਼ ਵੋਕੇਸ਼ਨਲ ਅਧਿਆਪਕਾਂ ਵੱਲੋਂ ਅੱਜ ‘ਨਿਊ ਮੋਤੀ ਬਾਗ ਪੈਲੇਸ’ ਵੱਲ ਕੀਤੇ ਰੋਸ ਮਾਰਚ ਦੌਰਾਨ ਫੁਹਾਰਾ ਚੌਕ ’ਚ ਪੁਲੀਸ ਵੱਲੋਂ ਲਗਾਏ ਬੈਰੀਕੇਡ ਨੂੰ ਤੋੜ ਦਿੱਤਾ ਹੈ। ਇਸ ਮਗਰੋਂ ਪੁਲੀਸ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਵਾਈਪੀਐਸ ਚੌਕ ’ਚ ਲਗਾਏ ਗਏ ਬੈਰੀਕੇਡ ’ਤੇ ਰੋਕ ਦਿੱਤਾ ਹੈ। ਸੰਘਰਸ਼ੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਅੱਜ ਆਰ-ਪਾਰ ਦੀ ਲੜਾਈ ਕਰਨਗੇ, ਦੋ ਹਫਤਿਆਂ ਤੋਂ ਉਹ ਮੁੱਖ ਮੰਤਰੀ ਦੇ ਸ਼ਹਿਰ ’ਚ ਪੱਕਾ ਮੋਰਚਾ ਲਗਾਕੇ ਬੈਠੇ ਹੋਏ ਹਨ। ਕੱਲ੍ਹ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਵੀ ਪੈਨਲ ਬੈਠਕ ’ਚ ਵੋਕੇਸ਼ਨਲ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਹੀ ਰੱਖੀ ਹੈ। ਸੰਘਰਸ਼ੀ ਅਧਿਆਪਕ ਜਿਨ੍ਹਾਂ ’ਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਲ ਹਨ, ਨੇ ਗਰਮੀ ਦੇ ਬਾਵਜੂਦ ਸੰਘਰਸ਼ ਨੂੰ ਭਖਾਉਣ ਲਈ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਉਹ ਆਰ ਪਾਰ ਦੀ ਲੜਾਈ ’ਚ ਬੈਰੀਕੇਡਿੰਗ ਨੂੰ ਤੋੜਕੇ ਮਹਿਲਾਂ ’ਚ ਵੜਣ ਤੋਂ ਵੀ ਗੁਰੇਜ਼ ਨਹੀ ਕਰਨਗੇ। ਪ੍ਰਦਸ਼ਨਕਾਰੀ ਅਧਿਆਪਕਾਂ ਦੇ ਅਜਿਹੇ ਤਿੱਖੇ ਤੇਵਰ ਤੋਂ ਮੋਤੀ ਮਹਿਲ ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ। ਵਾਈਪੀਐੱਸ ਚੌਕ ’ਚ ਕੀਤੀ ਬੈਰੀਕੇਡਿੰਗ ਕੋਲ ਵੀ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਪ੍ਰਦਸ਼ਨਕਾਰੀ ਅਧਿਆਪਕ ਵਾਈਪੀਐੱਸ ਚੌਕ ’ਚ ਡਟੇ ਹੋਏ ਸਨ।